ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/156

ਇਹ ਸਫ਼ਾ ਪ੍ਰਮਾਣਿਤ ਹੈ

ਵਿਹਲੀਆਂ ਗੱਲਾਂ

ਅਜਕਲ ਦੀ ਜ਼ਿੰਦਗੀ ਇਕ ਹੁੱਲੜ ਹੈ, ਵਾਵਰੋਲਾ ਹੈ। ਇਸ ਵਿਚ ਵਿਹਲ ਕਿਥੇ? ਤੇ ਵਿਹਲੀਆਂ ਗੱਲਾਂ ਦਾ ਮੌਕਾ ਕਿਥੇ? ਫਿਰ ਸਾਰੇ ਸਿਆਣੇ, ਧਾਰਮਕ ਲਿਖਾਰੀ ਤੇ ਸਮਾਜਕ ਆਗੂ ਇਸ ਗਲ ਦੇ ਵਿਰੁਧ ਹਨ ਕਿ ਕੋਈ ਸਮਾਂ ਗੱਪਾਂ ਵਿਚ ਬਿਤਾਇਆ ਜਾਏ। ਕਹਿੰਦੇ ਨੇ ਕਿ ਜਿਥੇ ਅਸਾਂ ਆਪਣੇ ਹਰ ਕਰਮ ਦਾ ਜਵਾਬ ਦੇਣਾ ਹੈ, ਉਥੇ ਹਰ ਕਥਨ ਦਾ ਭੀ ਗਿਣ ੨ ਕੇ ਲੇਖਾ ਦੇਣਾ ਪਏਗਾ। ਇਸ ਲਈ ਹਰ ਇਕ ਆਦਮੀ ਨੂੰ ਆਪਣੀ ਜੀਭ ਨੂੰ ਲਗਾਮ ਪਾ ਕੇ ਰਖਣਾ ਚਾਹੀਦਾ ਹੈ। ਸਿਰਫ਼ ਲੋੜ ਪਏ ਤੇ ਮੂੰਹ ਖੋਲ੍ਹਣਾ ਚਾਹੀਦਾ ਹੈ। ਜਦ ਮਤਲਬ ਦੀ ਗੱਲ ਪੂਰੀ ਹੋ ਗਈ ਤਾਂ ਝਟ ਜੰਦਾ ਲਾ ਕੇ ਚੁੱਪ ਵੱਟ ਲੈਣੀ ਚਾਹੀਦੀ ਹੈ। ਚੁੱਪ ਜਹੀ ਕੋਈ ਚੀਜ਼ ਨਹੀਂ। 'ਚੁਪ ਸੁਨਹਿਰੀ ਹੈ ਤੇ ਬੋਲ ਰੁਪਹਿਰੀ।' ਕਈਆਂ ਨੇ ਤਾਂ ਚੁੱਪ ਦੇ ਮਜ਼ਮੂਨ ਉਤੇ ਕਿਤਾਬਾਂ ਲਿਖ ਮਾਰੀਆਂ ਹਨ। ਇਹ ਤਾਂ ਇਉਂ ਹੋਇਆ, ਜਿਵੇਂ ਕੋਈ ਅਰਾਮ ਢੂੰਡਣ ਲਈ ਸੌ ਕੋਹ ਪੈਂਡਾ ਮਾਰੇ, ਜਾਂ ਵਰਤਾਂ ਦੀ ਤਿਆਰੀ ਲਈ ਰੋਟੀਆਂ ਦਾ ਕੋਠਾ ਭਰ ਲਵੇ। ਚੁੱਪ ਦੇ ਇਤਨੇ ਗੁਣ ਗਾਏ ਗਏ ਹਨ ਕਿ ਹੁਣ ਹਰ ਇਕ ਸਿਆਣੇ ਆਦਮੀ ਨੂੰ ਚੁੱਪ ਦਾ ਅਭਿਆਸ ਕਰਨਾ ਪੈਂਦਾ ਹੈ। ਹਫ਼ਤੇ ਭਰ ਦੇ ਲੈਕਚਰਾਂ ਤੇ ਇੰਟਰਵਿਊਆਂ ਮਗਰੋਂ ਮਹਾਤਮਾ ਗਾਂਧੀ ਨੂੰ ਪ੍ਰਾਸਚਿਤ ਵਜੋਂ ਇਕ ਦਿਨ ਮੌਨ ਵਰਤ ਰਖਣਾ ਪੈਂਦਾ ਹੈ। ਜਿਤਨਾ ਕੋਈ ਆਦਮੀ ਧਰਮਾਤਮਾ ਜਾਂ ਉੱਚੀ ਸ਼ਾਨ ਵਾਲਾ ਹੁੰਦਾ ਹੈ ਉਤਨਾ ਹੀ ਚੁੱਪੂ ਤੇ ਖੁਲ੍ਹੀਆਂ ਗੱਲਾਂ ਕਰਨ ਤੋਂ ਸੰਗਣ ਵਾਲਾ ਹੁੰਦਾ ਹੈ। ਉਸ ਨੂੰ ਹਰ ਵਕਤ ਖਤਰਾ ਰਹਿੰਦਾ ਹੈ ਕਿ ਮੇਰੀ ਕਿਸੇ ਗਲ ਤੋਂ ਕੋਈ ਗ਼ਲਤ ਫਾਇਦਾ ਨਾ ਉਠਾ ਲਵੇ। ਨਾਲੇ ਕਈ ਵੱਡੇ ਨਿਰੇ ਧਨ ਕਰਕੇ ਜਾਂ

ー੧੫੩ー