ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/15

ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਮਿੰਬਰ ਆਪਣੇ ਹੀ ਖ਼ਿਆਲ ਜਾਂ ਰਾਏ ਨੂੰ ਨਿਰੋਲ ਸੱਚੀ ਜਾਂ ਅਟੱਲ ਮੰਨ ਲਏ ਤਾਂ ਉਹ ਹੋਰਨਾਂ ਨਾਲ ਰੱਲ ਕੇ ਕੰਮ ਨਹੀਂ ਕਰ ਸਕਦਾ; ਨਾ ਕੋਈ ਸਾਂਝੀ ਰਾਏ ਬਣ ਸਕਦੀ ਹੈ। ਵਖੋ ਵਖ ਰਾਵਾਂ ਨੂੰ ਮਿਲਾ ਕੇ ਮਤਾ ਪਾਸ ਕਰਨ ਦਾ ਨੇਮ ਇਸ ਗੱਲ ਉਤੇ ਹੀ ਚੱਲ ਸਕਦਾ ਹੈ ਕਿ ਆਪਣੀ ਰਾਏ ਨੂੰ ਅਟੱਲ ਸਚਾਈ ਦੇ ਦਰਜੇ ਤੋਂ ਹੇਠਾਂ ਲਾਹ ਕੇ ਹੋਰਨਾਂ ਦੀ ਰਾਏ ਨੂੰ ਉੱਚਾ ਮੰਨਣ ਦੀ ਗੁੰਜਾਇਸ਼ ਰਖੀਏ।

ਸਰਬ-ਸਮਤੀ ਦੇ ਖ਼ਿਆਲ ਨੂੰ ਛੱਡ ਕੇ ਬਹੁ-ਸੰਮਤੀ ਦਾ ਫ਼ੈਸਲਾ ਮੰਨਣਾ ਮਨਾਉਣਾ ਭੀ ਇਕ ਭਾਰੀ ਤਰੱਕੀ ਹੈ, ਕਿਉਂਕਿ ਇਸ ਵਿਚ ਘਟ ਗਿਣਤੀ ਵਾਲੇ ਪੱਖ ਦਾ ਜ਼ਬਤ ਕੰਮ ਕਰਦਾ ਹੈ, ਜਿਸ ਨਾਲ ਰਾਵਾਂ ਦਾ ਵਖੇਵਾਂ ਹੁੰਦਿਆਂ ਦੂਜੇ ਦੀ ਰਾਏ ਦਾ ਨਿਰਾ ਸਤਕਾਰ ਹੀ ਨਹੀਂ ਕਰਨਾ ਪੈਂਦਾ, ਬਲਕਿ ਪਾਸ ਹੋਈ ਰਾਏ ਨੂੰ ਆਪਣੀ ਸਮਝ ਕੇ ਉਸ ਉਤੇ ਚਲਣ ਦੀ ਉਦਾਰਤਾ ਵਰਤਣੀ ਪੈਂਦੀ ਹੈ। ਬਹੁ-ਸਮਤੀ ਵਾਲੇ ਭੀ ਆਪਣੀ ਰਾਏ ਦੀ ਕਦਰ ਤਦੇ ਕਰਾ ਸਕਦੇ ਹਨ ਜਿ ਘਟ ਗਿਣਤੀ ਵਾਲਿਆਂ ਦੀ ਕੁਰਬਾਨੀ ਦੀ ਕਦਰ ਕਰਨ ਅਤੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਉਵੇਂ ਹੀ ਕਰਨ ਜਿਵੇਂ ਆਪਣੇ ਹੱਕਾਂ ਦੀ ਕਰਦੇ ਹਨ।

ー੧੨ー