ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/148

ਇਹ ਸਫ਼ਾ ਪ੍ਰਮਾਣਿਤ ਹੈ

ਸਾਊਪੁਣਾ

ਦੇ ਕੰਢੇ ਇਕ ਇਆਣੇ ਬਾਲ ਵਾਕਰ ਘੋਗੇ ਚੁਣ ਰਿਹਾ ਹਾਂ। ਸੁਕਰਾਤ ਜੋ ਯੂਨਾਨ ਦਾ ਸਭ ਤੋਂ ਸਿਆਣਾ ਫ਼ਲਾਸਫ਼ਰ ਹੋਇਆ ਹੈ ਕਹਿੰਦਾ ਹੈ ਕਿ ਮੈਨੂੰ ਪੜ੍ਹ ਪੜ੍ਹ ਕੇ ਅੰਤ ਇਕੋ ਗਲ ਨਿਸਚੇ ਹੋਈ ਹੈ ਕਿ ਮੈਨੂੰ ਕੁਝ ਨਹੀਂ ਆਉਂਦਾ।

ਇਹ ਨਿਮ੍ਰਤਾ ਸਭ ਤੋਂ ਵੱਧ ਅਸਰ ਵਾਲੀ ਤਦੇ ਹੁੰਦੀ ਹੈ ਜਦੋਂ 'ਹੋਂਦੇ ਤਾਣਿ ਨਿਤਾਣੀਆਂ ਰਹਹਿ ਨਿਮਾਣਨੀਆਂ' ਵਾਲੀ ਹੋਵੇ। ਹਜ਼ਰਤ ਮੁਹੰਮਦ ਨੇ ਸਾਰੀ ਉਮਰ ਵਿਚ ਕਿਸੇ ਨੂੰ 'ਸਲਾਮ ਅਲੈਕੁਮ' ਆਪਣੇ ਤੋਂ ਪਹਿਲਾਂ ਨਹੀਂ ਸੀ ਕਹਿਣ ਦਿੱਤਾ। ਕਈ ਸਜਣ ਕੋਸ਼ਸ਼ ਕਰਦੇ ਰਹੇ ਕਿ ਸਲਾਮ ਕਰਨ ਵਿਚ ਪਹਿਲ ਕਰਨ, ਪਰ ਨਾ ਹੋ ਸਕੀ। ਇਕ ਵੇਰ ਨਬੀ ਆਪਣੇ ਨੌਕਰ ਨਾਲ ਮਦੀਨੇ ਜਾ ਰਹੇ ਸਨ। ਉਨ੍ਹਾਂ ਪਾਸ ਇਕੋ ਊਠ ਸੀ, ਜਿਸ ਉਤੇ ਵਾਰੋ ਵਾਰੀ ਚੜ੍ਹਦੇ ਸਨ। ਜਦ ਮਦੀਨੇ ਸ਼ਹਿਰ ਵਿਚ ਵੜਨ ਲਗੇ ਤਾਂ ਵਾਰੀ ਨੌਕਰ ਦੀ ਸੀ। ਨਬੀ ਨੂੰ ਨੌਕਰ ਨੇ ਕਿਹਾ, "ਰਸੂਲ ਕਰੀਮ! ਤੁਸੀਂ ਚੜ੍ਹੋ। ਲੋਕੀ ਵੇਖਣਗੇ ਤਾਂ ਕੀ ਕਹਿਣਗੇ?" ਸ਼ਰਾਫਤ ਦੇ ਪੁਤਲੇ ਨਬੀ ਨੇ ਕਿਹਾ, "ਨਹੀਂ ਤੂੰਹੀ ਚੜ੍ਹ। ਮੈਂ ਇਉਂ ਹੀ ਚੰਗਾ ਲਗਦਾ ਹਾਂ।" ਸ਼ਰਾਫ਼ਤ ਦੀ ਪਰਖ ਹੀ ਇਹ ਹੈ ਕਿ ਕੋਈ ਵਡੀ ਪਦਵੀ ਵਾਲਾ ਆਪਣੇ ਨੌਕਰਾਂ ਚਾਕਰਾਂ ਜਾਂ ਆਪਣੇ ਹੇਠਾਂ ਕੰਮ ਕਰਨ ਵਾਲਿਆਂ ਨਾਲ ਕਿਵੇਂ ਵਰਤਦਾ ਹੈ। ਗੁਰੂ ਨਾਨਕ ਆਪਣੀ ਇਲਾਹੀ ਵਡਿਤੱਣ ਦੇ ਹੁੰਦਿਆਂ ਆਪਣੇ ਆਪ ਨੂੰ 'ਸਗ ਨਾਨਕ', 'ਨਾਨਕੁ ਨੀਚੁ', 'ਹਮ ਆਦਮੀ ਹਾਂ ਇਕ ਦਮੀ', 'ਹਉ ਢਾਢੀ ਵੇਕਾਰ ਕਹਿੰਦਾ ਹੈ। ਉਹ ਪੈਗੰਬਰਾਂ ਤੇ ਅਵਤਾਰਾਂ ਵਿਚੋਂ ਨਮੂਨੇ ਦਾ ਸਾਊ ਹੋਇਆ ਹੈ, ਜਿਸ ਨੇ ਅਤੁਟ ਵਖੇਵੇਂ ਰਖਦਿਆਂ ਹੋਇਆਂ ਕਦੀ ਕਿਸੇ ਦੇ ਧਰਮ ਉਤੇ ਸਮੁੱਚੇ ਤੌਰ ਤੇ ਹਮਲਾ ਨਹੀਂ ਕੀਤਾ। ਪਾਪੀਆਂ ਨੂੰ ਭੀ ਰਾਹੇ ਪਾਣ ਲੱਗਿਆਂ ਉਨ੍ਹਾਂ ਦੇ ਦਿਲ ਨੂੰ ਠੀਸ ਨਹੀਂ ਲਗਣ ਦਿੱਤੀ। ਸਜਣ ਠੱਗ ਨੂੰ ਸੁਧਾਰਣ ਲਗਿਆਂ (ਦੇਖੋ ਰਾਗ ਸੂਹੀ ਵਿਚ

ー੧੪੫ー