ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/139

ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਉੱਨਤੀ ਕੀਤੀ ਹੈ। ਇਨ੍ਹਾਂ ਦੇ ਅੱਥਕ ਜਤਨਾਂ ਦੇ ਸਦਕੇ, ਬਾਵਜੂਦ ਸ਼ਹਿਰ ਵਿਚ ਦੋ ਹੋਰ ਕਾਲਜ ਅਤੇ ਸੂਬੇ ਭਰ ਵਿਚ ਕਈ ਨਵੇਂ ਕਾਲਜ ਖੁਲ੍ਹਣ ਦੇ, ਇਸ ਕਾਲਜ ਨੂੰ ਕੋਈ ਘਾਟਾ ਨਹੀਂ ਵਾਪਰਿਆ। ਸਗੋਂ ਵਿਦਿਆਰਥੀਆਂ ਦੀ ਗਿਣਤੀ ਬਾਬਰ ਵਧਦੀ ਆਈ ਹੈ, ਅਤੇ ਚੰਗੇ ਨੰਬਰ ਲੈ ਕੇ ਪਾਸ ਹੋਣ ਵਾਲੇ ਵਿਦਿਆਰਥੀ ਵਧੇਰੀ ਗਿਣਤੀ ਵਿਚ ਦਾਖਲ ਹੋਂਦੇ ਹਨ।

ਪਹਿਲਾਂ ਪਹਿਲ ਇਥੇ ਕ੍ਰਿਕਟ ਦਾ ਜ਼ੋਰ ਸੀ ਅਤੇ ਇਸ ਦੇ ਮੈਚਾਂ ਦੀ ਧੁੰਮ ਸਾਰੇ ਸੂਬੇ ਵਿਚ ਪਈ ਰਹਿੰਦੀ ਸੀ। ਫੇਰ ਹਾਕੀ ਦੀ ਵਾਰੀ ਆਈ। ਹੁਣ ਫੁਟਬਾਲ ਜੋਰਾਂ ਤੇ ਹੈ। ਖੇਡਾਂ ਦੀਆਂ ਟ੍ਰਾਫ਼ੀਆਂ ਜਿੱਤਣ ਵਿਚ ਇਹ ਕਾਲਜ ਕਿਸੇ ਤੋਂ ਪਿਛੋਂ ਨਹੀਂ। ਇਮਤਿਹਾਨਾਂ ਦੇ ਨਤੀਜੇ ਭੀ, ਖ਼ਾਸ ਕਰਕੇ ਸਾਇੰਸ ਦੀਆਂ ਉੱਚੀਆਂ ਜਮਾਤਾਂ ਦੇ, ਬਹੁਤ ਚੰਗੇ ਨਿਕਲਦੇ ਹਨ। ਆਰਟਸ ਵਾਲੇ ਪਾਸੇ ਐਮ. ਏ. ਅੰਗ੍ਰੇਜੀ ਤਕ ਪੜ੍ਹਾਈ ਹੈ ਅਤੇ ਸਾਇੰਸ ਵਾਲੇ ਪਾਸੇ ਕੈਮਿਸਟਰੀ ਦਾ ਐਮ. ਐਸ. ਸੀ (ਖੋਜ ਪੱਖ) ਅਤੇ ਬਾਟਨੀ, ਫਿਜ਼ਿਕਸ ਅਤੇ ਖੇਤੀ-ਬਾੜੀ ਦੀ ਬੀ. ਐਸ. ਸੀ. ਤਕ ਹੈ।

ਸਨ ੧੯੩੦ ਤੋਂ ਲੈ ਕੇ ਸਿਖ ਇਤਿਹਾਸ ਦੀ ਖੋਜ ਦਾ ਮਹਿਕਮਾ ਜਾਰੀ ਕੀਤਾ ਗਿਆ ਹੈ, ਜਿਸ ਦੇ ਰਾਹੀਂ ਇਤਿਹਾਸਕ ਪੁਸਤਕਾਂ ਦਾ ਭੰਡਾਰ ਇਕੱਠਾ ਕਰਕੇ ਵਡਮੁਲੀ ਖੋਜ ਦੀ ਨੀਂਹ ਰੱਖੀ ਜਾ ਰਹੀ ਹੈ।

ਇਸ ਆਸ਼੍ਰਮ ਵਿਚ ਕਈ ਲੋੜਵੰਦੀਆਂ ਤੇ ਆਰਾਮ ਵਾਲੀਆਂ ਚੀਜ਼ਾਂ ਹਨ ਜਿਹੜੀਆਂ ਇਥੇ ਦਾ ਖ਼ਾਸ ਭੂਸ਼ਣ ਹਨ; ਜਿਵੇਂ ਕਿ ਤਾਜ਼ਾ ਪਾਣੀ ਦਾ ਤਲਾ, ਖੇਡਾਂ ਲਈ ੨੫ ਗਰਾਊਂਡਾਂ, ਕਸਰਤ ਲਈ ਜਿਮਨੇਜ਼ੀਅਮ, ਦੁਧ ਮਖਣ ਲਈ ਡੇਅਰੀ ਫਾਰਮ, ਬੀਮਾਰਾਂ ਲਈ ਹਸਪਤਾਲ ਜੋ ਕਾਲਜ ਦੇ ਆਪਣੇ ਇਕ ਲਾਇਕ, ਤਜਰਬੇਕਾਰ ਤੇ ਮਿਹਨਤੀ ਡਾਕਟਰ ਦੇ ਸਪੁਰਦ ਹੈ; ਲੋੜੀਂਦੀਆਂ ਚੀਜ਼ਾਂ ਸਸਤੇ ਭਾ ਵੇਚਣ ਲਈ ਇਕ ਕੁਆਪਰੇਟਿਵ ਸਟੋਰ, ਪੁਸਤਕ ਭੰਡਾਰ, ੨੦ ਹਜ਼ਾਰ ਪੁਸਤਕਾਂ ਵਾਲੀ ਲਾਇਬ੍ਰੇਰੀ, ਫਲਦਾਰ ਤੇ

ー੧੩੬ー