ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/134

ਇਹ ਸਫ਼ਾ ਪ੍ਰਮਾਣਿਤ ਹੈ

ਖਾਲਸਾ ਕਾਲਜ ਅੰਮ੍ਰਿਤਸਰ

ਵਿਚ ਹਿੰਦੂ ਅਤੇ ਮੁਸਲਮਾਣੀ ਢੰਗਾਂ ਦਾ ਮੇਲ ਕੀਤਾ ਗਿਆ। ਜਿਥੇ ਗੁੰਬਦਾਂ ਮੁਸਲਮਾਣੀ ਹਨ, ਉਥੇ ਹਿੰਦੂਆਂ ਦੇ ਪੰਜ-ਰਤਨੀ ਖਿਆਲ ਮੁਤਾਬਕ ਗਿਣਤੀ ਵਿਚ ਪੰਜ ਹਨ, ਫਾੜੀਦਾਰ ਹਨ ਅਤੇ ਉਤੇ ਕੰਵਲ ਦੀਆਂ ਪੱਤੀਆਂ ਬਣੀਆਂ ਹੋਈਆਂ ਹਨ। ਜੇ ਡਾਟਾਂ ਮੁਸਲਮਾਣੀ ਹਨ, ਤਾਂ ਹੇਠਾਂ ਬ੍ਰੈਕਟ ਹਿੰਦਵਾਣੀ ਹਨ।

ਇਮਾਰਤ ਦੀ ਉਸਾਰੀ ਦਾ ਕੰਮ ਸਰਦਾਰ ਧਰਮ ਸਿੰਘ ਜੀ ਘਰਜਾਖੀਏ ਦੇ ਸਪੁਰਦ ਸੀ। ਇਹ ਪ੍ਰੇਮ ਦੀ ਸੇਵਾ ਕਰਦੇ ਸਨ। ਇਨ੍ਹਾਂ ਦਾ ਖਿਆਲ ਸੀ ਕਿ ਇਮਾਰਤ ਉਤੇ ਇਨਾ ਰੁਪਈਆ ਨਹੀਂ ਖਰਚਣਾ ਚਾਹੀਦਾ। ਇਸ ਲਈ ਕੰਧਾਂ ਦੇ ਬਾਹਰਵਾਰ ਇੱਟਾਂ ਦੀ ਚਿਣਾਈ ਪੱਕੀ ਹੁੰਦੀ ਸੀ, ਅਤੇ ਅੰਦਰਵਾਰ ਕੱਚੀ। ਜਦ ਲਾਟ ਸਾਹਿਬ ਨੇ ਇਕ ਵਾਰ ਆਪ ਆ ਕੇ ਇਹ ਕਚੀ-ਪੱਕੀ ਉਸਾਰੀ ਵੇਖੀ ਤਾਂ ਕਹਿਣ ਲਗੇ, "ਸਰਕਾਰ ਚਾਹੁੰਦੀ ਹੈ ਕਿ ਸਿੱਖਾਂ ਦੇ ਇਸ ਕੇਂਦਰੀ ਆਸ਼੍ਰਮ ਦੀ ਇਮਾਰਤ ਖਾਲਸੇ ਦੀ ਸ਼ਾਨ ਮੁਤਾਬਕ ਚੰਗੀ ਤੋਂ ਚੰਗੀ ਬਣੇ। ਇਸ ਲਈ ਇਹ ਕੱਚੀ ਚਿਣਾਈ ਵਾਲੀ ਗੱਲ ਸਾਨੂੰ ਪਸੰਦ ਨਹੀਂ। ਲਾਟ ਸਾਹਿਬ ਦੀ ਮਰਜ਼ੀ ਨੂੰ ਪੂਰਾ ਕਰਨ ਲਈ ਤਜਵੀਜ਼ ਹੋਈ ਕਿ ਸਰਦਾਰ ਧਰਮ ਸਿੰਘ ਜੀ ਦੀ ਥਾਂ ਇਕ ਅੰਗ੍ਰੇਜ਼ ਇੰਜੀਨੀਅਰ ਰਖਿਆ ਜਾਵੇ। ਉਸ ਮੌਕੇ ਤੇ ਕਿਸੇ ਸਜਣ ਨੇ ਕਿਹਾ ਕਿ ਨਵਾਂ ਇੰਜੀਨੀਅਰ ਵਡੀ ਤਨਖਾਹ ਲਵੇਗਾ, ਪਰ ਸ. ਧਰਮ ਸਿੰਘ ਹੋਰੀਂ ਤਾਂ ਪ੍ਰੇਮ ਦੀ ਸੇਵਾ ਕਰਦੇ ਹਨ। ਇਸ ਤੇ ਮੇਜਰ ਹਿੱਲ ਦੇ ਮੂੰਹੋਂ ਨਿਕਲ ਗਿਆ, "ਪ੍ਰੇਮ ਦੀ ਸੇਵਾ ਫਜ਼ੂਲ ਹੈ।" ਮੇਜਰ ਹਿੱਲ ਦੇ ਇਸ ਕਥਨ ਨੇ ਸਿਖਾਂ ਵਿਚ ਬੜੀ ਤਰਥੱਲੀ ਮਚਾ ਦਿਤੀ। ਲੋਕਾਂ ਨੇ ਥਾਂ ਥਾਂ ਰੋਸ ਵਜੋਂ ਜਲਸੇ ਕੀਤੇ, ਅਤੇ ੭੫ ਕੁ ਪੰਥਕ ਸਭਾਵਾਂ ਤੇ ਦੀਵਾਨਾਂ ਨੇ ਰੋਸ ਦੇ ਮਤੇ ਪਾਸ ਕਰ ਕੇ ਭੇਜੇ। ਕਾਲਜ ਦੀ ਮੈਨੇਜਿੰਗ ਕਮੇਟੀ ਨੂੰ ਭੀ ਇਸ ਦੁਖਾਵੇਂ ਕਥਨ ਵਲੋਂ ਨਾ-ਪਸੰਦੀ ਜ਼ਾਹਰ ਕਰਨੀ ਪਈ।

ਉਹ ਦਿਨ ੧੯੦੭ ਦੇ ਸਨ, ਜਦੋਂ ਸਾਰੇ ਹਿੰਦ ਵਿਚ ਹਲ-ਚਲ

ー੧੩੧ー