ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/133

ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਗਿਆ ਜਿਸ ਵਿਚ ਰਾਜਿਆਂ ਮਹਾਰਾਜਿਆਂ, ਸਰਦਾਰਾਂ, ਅਮੀਰਾਂ ਗਰੀਬਾਂ ਨੇ ਦਰਸ਼ਨ ਦਿਤੇ। (ਪੰਥ ਵਿਚ ਇਹੋ ਜਿਹਾ ਅਦੁੱਤੀ ਇਕੱਠ ਫਿਰ ਮੁੜ ਕੇ ਕਦੀ ਨਹੀਂ ਹੋਇਆ। ਮਹਾਰਾਜਾ ਹੀਰਾ ਸਿੰਘ ਜੀ ਆਪਣੇ ਹਥੀਂ ਸੰਗਤਾਂ ਨੂੰ ਪੱਖਾ ਝਲਦੇ ਸਨ। ਜਦ ਉਨ੍ਹਾਂ ਨੇ ਕਾਲਜ ਲਈ ਆਪਣੀ ਝੋਲੀ ਅੱਡ ਕੇ ਅਪੀਲ ਕੀਤੀ ਅਤੇ ਆਖਿਆ ਕਿ "ਖਾਲਸਾ ਜੀ! ਮੈਂ ਆਪ ਦਾ ਕੂਕਰ ਆਪ ਦੇ ਦਰ ਤੇ ਭਿਖਾਰੀ ਬਣ ਕੇ ਆਇਆ ਹਾਂ", ਤਾਂ ਚੌਹਾਂ ਪਾਸਿਆਂ ਤੋਂ ਲਖਾਂ ਤੇ ਹਜ਼ਾਰਾਂ ਰੁਪਯਾਂ ਦੇ ਦਾਨ ਦੀਆਂ ਅਵਾਜ਼ਾਂ ਆਉਣ ਲਗੀਆਂ। ਪਟਿਆਲੇ ਵਲੋਂ ੬ ਲਖ, ਜੀਂਦ ਵਲੋਂ ੨ ਲਖ ੬੫ ਹਜ਼ਾਰ, ਕਪੂਰਥਲੇ ਵਲੋਂ ੧ ਲਖ ੧੭ ਹਜ਼ਾਰ, ਫਰੀਦਕੋਟ ਵਲੋਂ ੧ ਲਖ ਰੁਪਏ ਦਾ ਏਲਾਨ ਹੋਇਆ। ਨਾਭੇ ਵਲੋਂ ਭੀ ੩ ਲੱਖ ੨੦ ਹਜ਼ਾਰ ਦੇਣਾ ਕੀਤਾ ਗਿਆ। ਕੁਲ ਉਗਰਾਹੀ (ਨਕਦ ਤੇ ਇਕਰਾਰੀ) ਵੀਹ ਲਖ ਤਕ ਜਾ ਪੁਜੀ। ਇਨਡਉਮੈਂਟ ਫੰਡ ਲਈ ੧੫,੩੦,੪੭੭ ਰੁਪਏ ਨਕਦ ਜਮ੍ਹਾਂ ਹੋ ਗਏ ਅਤੇ ਵੱਡੀ ਇਮਾਰਤ ਲਈ ੩,੨੮,੪੮੦ ਰੁਪਏ ਰੋਕ ਬਣੇ, ਜਿਨ੍ਹਾਂ ਵਿਚੋਂ ੫੦,੦੦੦ ਸਰਕਾਰ ਵਲੋਂ ਸੀ। ਸਿਖਾਂ ਦੀ ਮੰਗ ਉਤੇ ਸਰ ਚਾਰਲਸ ਰਿਵਾਜ਼, ਲਾਟ ਸਾਹਿਬ ਪੰਜਾਬ, ਨੇ ਇਕ ਹੋਰ ਭੀ ਉਦਮ ਕੀਤਾ। ਉਹ ਇਹ ਕਿ ਸਿਖ ਜ਼ਿਮੀਂਦਾਰਾਂ ਪਾਸੋਂ ਅਧਿਆਨੀ ਰੁਪੱਯਾ ਸਰਕਾਰੀ ਮਾਮਲੇ ਨਾਲ ਉਗਰਾਹਿਆ ਗਿਆ। ਇਸੇ ਲਾਟ ਸਾਹਿਬ ਦੇ ਨਾਂ ਉਤੇ ਕਾਲਜ ਦੇ ਹਾਲ ਦਾ ਨਾਂ 'ਰਿਵਾਜ਼ ਹਾਲ' ਹੈ।

ਖਾਲਸਾ ਕਾਲਜ ਪਹਿਲਾਂ ਪਟਿਆਲਾ ਹੋਸਟਲ ਦੇ ਹੇਠਲਿਆਂ ਕਮਰਿਆਂ ਵਿਚ ਲਗਦਾ ਹੁੰਦਾ ਸੀ। ਫਿਰ ੧੭ ਨਵੰਬਰ ੧੯੦੪ ਨੂੰ ਵੱਡੀ ਇਮਾਰਤ ਦੀ ਨੀਂਹ ਰਖੀ ਗਈ। ਇਸ ਇਮਾਰਤ ਦਾ ਨਕਸ਼ਾ ਭਾਈ ਰਾਮ ਸਿੰਘ, ਪ੍ਰਿੰਸੀਪਲ ਮਿਓ ਸਕੂਲ ਔਫ ਆਰਟ ਲਾਹੌਰ, ਨੇ ਬਣਾਇਆ ਸੀ। ਇਸ ਵਿਚ ਖਾਸ ਖੂਬੀ ਇਹ ਰਖੀ ਗਈ ਕਿ ਇਸ ਦੇ ਇਮਾਰਤੀ ਢੰਗ

ー੧੩੦ー