ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/121

ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਇਕ ਹੋਰ ਗੱਲ ਭੀ ਹੈ। ਆਮ ਤੌਰ ਤੇ ਲੋਕ ਲਿਖਣ ਪੜ੍ਹਨ ਨੂੰ ਵਿਦਿਆ ਕਹਿੰਦੇ ਹਨ। ਅਸਲ ਵਿਚ ਲਿਖਣਾ ਪੜ੍ਹਨਾ ਇਕ ਵਸੀਲਾ ਹੈ ਵਿਦਿਆ ਸਿਖਣ ਦਾ। ਇਲਮ ਦੇ ਖਜ਼ਾਨੇ ਲਿਖਤ ਵਿਚ ਹਨ, ਇਸ ਲਈ ਸਧਾਰਨ ਤੌਰ ਤੇ ਇਉਂ ਹੀ ਹੁੰਦਾ ਹੈ ਕਿ ਜਿਹੜਾ ਆਦਮੀ ਇਲਮ ਦੇ ਖਜ਼ਾਨੇ ਤਕ ਪਹੁੰਚਣਾ ਚਾਹੀਦਾ ਹੈ, ਉਸ ਨੂੰ ਲਿਖਤ ਪੜ੍ਹਤ ਦੀ ਕੁੰਜੀ ਵਰਤਣੀ ਪੈਂਦੀ ਹੈ, ਪਰ ਇਹ ਜ਼ਰੂਰੀ ਨਹੀਂ ਕਿ ਆਦਮੀ ਇਸੇ ਕੁੰਜੀ ਨੂੰ ਵਰਤੇ। ਸਮ੍ਰਥ ਲੋਕਾਂ ਵਾਸਤੇ ਹੋਰ ਵੀ ਸਾਧਨ ਹੋ ਸਕਦਾ ਹੈ। ਅਕਬਰ ਲਿਖਣ ਪੜ੍ਹਨ ਵਲੋਂ ਤਾਂ ਕੋਰਾ ਸੀ, ਪਰ ਫ਼ਾਰਸੀ, ਤੁਰਕੀ ਆਦਿ ਸਾਹਿੱਤ ਦਾ ਸਵਾਦ ਉਤਨਾ ਹੀ ਚਖਦਾ ਸੀ ਜਿਤਨਾ ਕਿ ਕੋਈ ਪੜ੍ਹਿਆ ਲਿਖਿਆ ਚਖ ਸਕਦਾ ਹੈ। ਉਹ ਵਡੇ ਵਡੇ ਵਿਦਵਾਨਾਂ ਦੀ ਸੰਗਤ ਕਰਦਾ ਸੀ, ਉਨ੍ਹਾਂ ਕੋਲੋਂ ਹਾਫ਼ਜ਼ ਆਦਿ ਕਵੀਆਂ ਦੀ ਕਵਿਤਾ ਸੁਣਦਾ ਸੀ। ਉਸ ਦੇ ਦਰਬਾਰ ਵਿਚ ਹਿੰਦੂ, ਮੁਸਲਮਾਣ, ਈਸਾਈ ਆਗੂਆਂ ਦੀ ਇਲਮੀ ਤੇ ਮਜ੍ਹਬੀ ਚਰਚਾ ਹੁੰਦੀ ਰਹਿੰਦੀ ਸੀ, ਅਤੇ ਉਹ ਉਸ ਵਿਚ ਸਾਲਸ ਹੋ ਕੇ ਚੋਖਾ ਹਿੱਸਾ ਲੈਂਦਾ ਸੀ। ਕੌਣ ਕਹਿ ਸਕਦਾ ਹੈ ਕਿ ਉਹ ਅਨਪੜ੍ਹ ਸੀ? ਕਿਸੇ ਨੇ ਵਿਦਿਆ ਅੱਖਾਂ ਦੇ ਰਾਹੋਂ ਪ੍ਰਾਪਤ ਕੀਤੀ, ਕਿਸੇ ਨੇ ਕੰਨਾਂ ਵਾਰਾ ਪ੍ਰਾਪਤ ਕੀ੭ਤੀ, ਫ਼ਰਕ ਕੀ ਹੋਇਆ? ਵਿਦਿਆ ਤਾਂ ਅੰਦਰ ਚਲੀ ਗਈ। ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੂੰ ਅਨ-ਪੜ੍ਹ ਕਹਿਣਾ ਭੁੱਲ ਹੈ। ਭਾਵੇਂ ਉਸ ਨੂੰ ਅੱਖਰੀ ਇਲਮ ਨਹੀਂ ਸੀ ਆਉਂਦਾ, ਫਿਰ ਭੀ ਉਹ ਫ਼ਾਰਸੀ, ਪੰਜਾਬੀ ਆਦਿ ਜ਼ਬਾਨਾਂ ਜਾਣਦਾ ਸੀ ਅਤੇ ਕਵੀਆਂ ਦੀਆਂ ਕਵਿਤਾ ਸੁਣਦਾ, ਇਨਾਮ ਦੇਂਦਾ ਤੇ ਆਪਣੇ ਦਫ਼ਤਰ ਵਾਲਿਆਂ ਕੋਲੋਂ ਫ਼ਾਰਸੀ ਚਿਠੀ ਪਤਰ ਦੇ ਮਸੌਦੇ ਸੁਣਦਾ ਅਤੇ ਆਪ ਲਿਖਵਾਉਂਦਾ ਸੀ। ਉਸ ਨੂੰ ਅਨਪੜ੍ਹ ਕੌਣ ਆਖ ਸਕਦਾ ਹੈ?

ਸ੍ਰੀ ਗੁਰੁ ਨਾਨਕ ਦੇਵ ਜੀ ਦੀ ਇਲਮੀ ਲਿਆਕਤ ਬਾਬਤ ਭੀ ਇਉਂ ਹੀ ਵਿਚਾਰ ਕਰਨੀ ਪਏਗੀ।

ー੧੧੮ー