ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/116

ਇਹ ਸਫ਼ਾ ਪ੍ਰਮਾਣਿਤ ਹੈ

ਸੱਭਿਆਚਾਰਾਂ ਦਾ ਮੇਲ

ਨਹੀਂ ਕਿ ਇਹ ਸਾਰੇ ਹਿੰਦ ਦੀ ਕੌਮੀ ਬੋਲੀ ਹੈ। ਇਸ ਦੀ ਬਣਤਰ ਤੇ ਇਸ ਦੀ ਸ਼ਬਦਾਵਲੀ ਨੂੰ ਇਉਂ ਢਾਲਣਾ ਚਾਹੀਦਾ ਹੈ ਕਿ ਸਾਰੇ ਹਿੰਦਵਾਸੀ ਇਸ ਨੂੰ ਆਪਣੀ ਆਖ ਸਕਣ।

ਇਕ ਦੂਜੇ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਹਿੰਦੂ ਮੁਸਲਮਾਣਾਂ ਦੀ ਅਤੇ ਮੁਸਲਮਾਣ ਹਿੰਦੂਆਂ ਦੀ ਰਹਿਣੀ ਬਹਿਣੀ ਨੂੰ ਹਮਦਰਦੀ ਨਾਲ ਜੋਖਣ ਪਰਖਣ, ਤੇ ਜਿਹੜੀਆਂ ਗੱਲਾਂ ਗ੍ਰਹਿਣ ਕਰਨ ਵਾਲੀਆਂ ਹੋਣ ਉਨ੍ਹਾਂ ਨੂੰ ਪਿਆਰ ਨਾਲ ਅਪਣਿਆਉਣ। ਪਰ ਹਿੰਦੂ ਤੇ ਮੁਸਲਮਾਣ ਤਾਂ ਆਪੋ ਆਪਣੇ ਫਿਰਕੂ ਆਸ਼੍ਰਮਾਂ ਦੀਆਂ ਚਾਰ ਦਿਵਾਰੀਆਂ ਵਿਚ ਬੈਠੇ ਆਪਣੇ ਹੀ ਪਿੱਛੇ ਉਤੇ ਮਾਣ ਕਰਦੇ ਤੇ ਆਪਣੇ ਹੀ ਪਿੱਛੇ ਦੀ ਖੋਜ ਪੜਤਾਲ ਵਿਚ ਲੱਗੇ ਰਹਿੰਦੇ ਹਨ। ਕਿਤਨੇ ਹਿੰਦੂ ਆਸ਼੍ਰਮਾਂ ਵਿਚ ਫ਼ਾਰਸੀ, ਅਰਬੀ ਜਾਂ ਪੰਜਾਬੀ ਪੜ੍ਹਾਈ ਜਾਂਦੀ ਹੈ? ਤੇ ਕਿਤਨੇ ਮੁਸਲਿਮ ਆਸ਼੍ਰਮਾਂ ਵਿਚ ਸੰਸਕ੍ਰਿਤ, ਹਿੰਦੀ ਜਾਂ ਪੰਜਾਬੀ ਦੇ ਪੜ੍ਹਾਣ ਦਾ ਪ੍ਰਬੰਧ ਹੈ? ਕਿਤਨੇ ਹਿੰਦੂ ਫ਼ਾਰਸੀ ਜਾਂ ਅਰਬੀ ਪੜ੍ਹਦੇ ਹਨ? ਅਤੇ ਕਿਤਨੇ ਮੁਸਲਮਾਣ ਸੰਸਕ੍ਰਿਤ, ਹਿੰਦੀ ਜਾਂ ਪੰਜਾਬੀ ਲੈਂਦੇ ਹਨ? ਇਕ ਹਿੰਦੂ ਨੂੰ ਲੰਦਨ ਦੇ ਸਾਰੇ ਬਜ਼ਾਰਾਂ ਦਾ ਪਤਾ ਹੋ ਸਕਦਾ ਹੈ। ਉਸ ਨੂੰ ਇਹ ਭੀ ਪਤਾ ਹੋ ਸਕਦਾ ਹੈ ਕਿ ਯੂਰਪ ਵਿਚ ਜਾਗ੍ਰਤ ਕਿਵੇਂ ਤੇ ਕਦੋਂ ਆਈ, ਉਥੇ ਦੀਆਂ ਰੋਮਾਂਟਿਕ ਤੇ ਕਲਾਸਿਕ ਲਹਿਰਾਂ ਦਾ ਕੀ ਭਿੰਨ ਭੇਤ ਹੈ। ਪਰ ਉਸ ਨੂੰ ਇਤਨਾ ਨਹੀਂ ਪਤਾ ਹੋਣਾ ਕਿ ਅਸ਼ਰ ਦੀ ਨਮਾਜ਼ ਕਿਹਨੂੰ ਕਹਿੰਦੇ ਹਨ? ਨਮਾਜ਼ ਵਿਚ ਕੀ ਪੜ੍ਹਿਆ ਜਾਂਦਾ ਹੈ? ਸੁੱਨੀਆਂ ਦਾ ਸ਼ੀਆ ਜਾਂ ਵਹਾਬੀ ਲੋਕਾਂ ਨਾਲ ਕੀ ਝਗੜਾ ਹੈ? ਥੋੜਾ ਚਿਰ ਹੋਇਆ ਇਕ ਉਘਾ ਹਿੰਦੂ ਲੀਡਰ ਸਿੱਖਾਂ ਨੂੰ ਇਕੋ ਬਾਟੇ ਵਿਚੋਂ ਅੰਮ੍ਰਿਤ ਛਕਦਿਆਂ ਦੇਖ ਕੇ ਹਰਾਨ ਹੋ ਰਿਹਾ ਸੀ। ਕਈ ਵੇਰ ਚੰਗੇ ਨੇਕ-ਦਿਲ ਹਿੰਦੂ ਸਜਣ ਸਿੱਖਾਂ ਨੂੰ ਸਿਗਰਟ ਪੇਸ਼ ਕਰਦੇ ਦੇਖੇ ਜਾਂਦੇ ਹਨ। ਕਿਤਨੇ ਕੁ ਮੁਸਲਮਾਣ ਭਰਾ ਕ੍ਰਿਸ਼ਨ ਮਹਾਰਾਜ ਜਾਂ ਸ੍ਰੀ ਰਾਮ ਚੰਦਰ ਦੀ ਕਹਾਣੀ ਚੰਗੀ ਤਰ੍ਹਾਂ

ー੧੧੩ー