ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/112

ਇਹ ਸਫ਼ਾ ਪ੍ਰਮਾਣਿਤ ਹੈ

ਸੱਭਿਆਚਾਰਾਂ ਦਾ ਮੇਲ

ਸਿਖਰ ਲੈ ਕੇ ਅਸਮਾਨ ਵਲ ਵਧਦੇ ਹਨ, ਪਰ ਉਨ੍ਹਾਂ ਵਿਚ ਬੈਠਣ ਲਈ ਥਾਂ ਕੇਵਲ ਇੱਕ ਪੁਜਾਰੀ ਲਈ ਹੁੰਦੀ ਹੈ। ਮੁਸਲਮਾਣ ਜਮਾਇਤ ਵਿਚ ਯਕੀਨ ਰਖਦੇ ਹਨ, ਇਸ ਲਈ ਉਨ੍ਹਾਂ ਦੀਆਂ ਮਸੀਤਾਂ ਵਿਚ ਥਾਂ ਬਹੁਤ ਖੁਲ੍ਹੀ ਹੁੰਦੀ ਹੈ। ਅਕਬਰ ਦੀ ਚਲਾਈ ਹੋਈ ਤਰਜ਼ ਅਨੁਸਾਰ ਇਮਾਰਤਾਂ ਬਹੁਤ ਉੱਚੀਆਂ ਤੇ ਖੁਲ੍ਹੀਆਂ ਬਣਨ ਲਗੀਆਂ। ਸਿਖਰ ਦੀ ਥਾਂ ਗੁੰਬਦ ਨੇ ਮੱਲ ਲਈ,ਪਰ ਗੁੰਬਦ ਭੀ ਛੱਤ ਤੋਂ ਸਿੱਧੀ ਨਹੀਂ ਉੱਠਦੀ ਤੇ ਨਾ ਏਡੀ ਭਰਵੀਂ ਹੁੰਦੀ ਹੈ, ਬਲਕਿ ਹੇਠਾਂ ਤੋਂ ਵਲ ਖਾ ਕੇ ਗੋਲ ਹੁੰਦੀ ਤੇ ਕੰਵਲ ਦੀਆਂ ਪਤੀਆਂ ਨਾਲ ਸਜਾਈ ਜਾਂਦੀ ਹੈ। ਹਿੰਦੂ ਕਲਾ ਦੇ ਪੰਜਰਤਨੀ ਖ਼ਿਆਲ ਮੂਜਬ ਗੁੰਬਦਾਂ ਭੀ ਇਕ ਦੀ ਥਾਂ ਪੰਜ ਹੁੰਦੀਆਂ ਹਨ। ਚੋਟੀ 'ਸਿਖਰ' ਦੀ ਸ਼ਕਲ ਦੀ ਬਣੀ ਹੁੰਦੀ ਹੈ। ਇਸ ਵਿਚ ਹਿੰਦੂਆਂ ਦੇ ਮੂਰਤਕ ਢਾਂਚੇ ਉਤੇ ਅਰਬ ਤੇ ਈਰਾਨ ਦੀਆਂ ਸਜਾਵਟਾਂ ਕੀਤੀਆਂ ਹੁੰਦੀਆਂ ਹਨ, ਹਿੰਦੂਆਂ ਦੀਆਂ ਬਗਲਦਾਰ ਕਾਨਸਾਂ ਤੇ ਛੱਜਿਆਂ ਉਤੇ ਮੁਸਲਮਾਣੀ ਕਮਾਨਚੇ ਚੜ੍ਹਾਏ ਹੁੰਦੇ ਹਨ। ਦਰਵਾਜ਼ਾ ਹਾਥੀ ਦੇ ਮੁਹਾਂਦਰੇ ਦਾ ਅਤੇ ਪਉੜੀਆਂ ਉਤੇ ਹੌਦੇ ਦੀ ਸ਼ਕਲ ਦਾ ਕੱਜਣ ਬਣਿਆ ਹੁੰਦਾ ਹੈ। ਅਕਬਰ ਦੇ ਪਿਛੋਂ ਜੋ ਇਮਾਰਤਾਂ ਤਾਜ-ਮਹੱਲ ਵਰਗੀਆਂ ਬਣਾਈਆਂ ਗਈਆਂ ਓਹ ਆਗਰੇ ਤੇ ਫਤ੍ਹੇਪੁਰ ਸੀਕਰੀ ਵਿਚ ਬਣੀਆਂ ਸਾਂਝੀ ਤਰਜ਼ ਵਾਲੀਆਂ ਇਮਾਰਤਾਂ ਦੀ ਪੈ ਵਿਚ ਹੀ ਹਨ। ਉਨ੍ਹਾਂ ਵਿਚ ਅਕਬਰੀ ਤਰਜ਼ ਨੂੰ ਬਿਲਕੁਲ ਨਹੀਂ ਭੰਨਿਆ ਗਿਆ। ਹਾਂ ਪਿਛੋਂ ਜਾ ਕੇ ਇਸ ਤਰਜ਼ ਵਿਚ ਫ਼ਰਕ ਜ਼ਰੂਰ ਪਿਆ, ਪਰ ਓਦੋਂ ਜਦੋਂ ਔਰੰਗਜ਼ੇਬ ਨੇ ਹਿੰਦੂ ਕਾਰੀਗਰਾਂ ਦਾ ਬਾਈਕਾਟ ਕਰ ਕੇ ਨਰੋਲ ਮੁਸਲਮਾਣਾਂ ਨੂੰ ਲਾਉਣਾ ਅਰੰਭ ਦਿੱਤਾ, ਅਤੇ ਇਸਤਰ੍ਹਾਂ ਹਿੰਦੁਸਤਾਨੀ ਹੁਨਰ ਵਿਚ ਉਹੋ ਖੱਪਾ ਫੇਰ ਆਣ ਪਿਆ ਜਿਸ ਉਤੇ ਅਕਬਰ ਨੇ ਪੁਲ-ਬੰਦੀ ਕਰਨ ਦਾ ਜਤਨ ਕੀਤਾ ਸੀ। ਇਸ ਦਾ ਸਿੱਟਾ ਇਹ ਹੋਇਆ ਕਿ ਮੁਗ਼ਲ ਦਰਬਾਰ ਦੀ ਕਲਾ-ਬੁਧਿ ਗਿਰਾਵਟ ਵਿਚ ਆ ਗਈ। ਪਰ ਜਿਹੜੀ ਚਾਲ ਇਕ ਵਾਰ

ー੧੦੯ー