ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/102

ਇਹ ਸਫ਼ਾ ਪ੍ਰਮਾਣਿਤ ਹੈ

ਸੱਭਿਆਚਾਰਾਂ ਦਾ ਮੇਲ

ਜਾਣ ਬੁਝ ਕੇ ਅੜਿੱਕਾ ਡਾਹੇ, ਤਦ ਓਹ ਮੂਤਾਣੇ ਹੋ ਖੜੋਣਗੇ। ਕਈਆਂ ਹਾਲਤਾਂ ਵਿਚ ਇਨ੍ਹਾਂ ਹੱਕਾਂ ਤੇ ਡੱਟ ਖਲੋਣਾ ਮਨੁੱਖ ਦੇ ਧਰਮ ਦੀ ਜ਼ਰੂਰੀ ਸਰਤ ਹੋ ਜਾਂਦੀ ਹੈ। ਇਨ੍ਹਾਂ ਧਾਰਮਕ ਹੱਕਾਂ ਦੀ ਖਿੱਚ ਖਿੱਚੀ ਦਾ ਇਲਾਜ ਇਹ ਨਹੀਂ ਕਿ ਇਕ ਧਿਰ ਨੂੰ ਆਪਣੇ ਹੱਕ ਛਡ ਦੇਣ ਉੱਤੇ ਮਜਬੂਰ ਕੀਤਾ ਜਾਵੇ, ਬਲਕਿ ਦੋਹਾਂ ਧਿਰਾਂ ਦੀ ਇਕ ਦੂਜੇ ਵਲ ਬ੍ਰਿਤੀ ਬਦਲਣੀ ਚਾਹੀਦੀ ਹੈ। ਕਿਸੇ ਇਕ ਨੂੰ ਦੂਜੇ ਦੇ ਰਸਮ ਰਵਾਜ ਪੂਰਾ ਕਰਨ ਵਿਚ ਉਜ਼ਰ ਨਹੀਂ ਹੋਣਾ ਚਾਹੀਦਾ। ਜੇ ਹਿੰਦੂ ਹਵਨ ਕਰਨ, ਤਾਂ ਮੁਸਲਮਾਣਾਂ ਨੂੰ ਖੁਸ਼ੀ ਹੋਣੀ ਚਾਹੀਦੀ ਹੈ, ਅਤੇ ਜੇ ਮੁਸਲਮਾਣ ਗਊ-ਬਧ ਕਰਨ ਤਾਂ ਹਿੰਦੂਆਂ ਨੂੰ ਨੱਕ ਨਹੀਂ ਚਾੜ੍ਹਨਾ ਚਾਹੀਦਾ। (ਇਉਂ ਕਰਨ ਨਾਲ ਖਵਰੇ ਗਊਆਂ ਘਟ ਮਰੀਣਗੀਆਂ, ਜਿਵੇਂ ਕਿ ਨਿਰੋਲ ਮੁਸਲਮਾਣੀ ਮੁਲਕਾਂ ਵਿਚ ਹੁੰਦਾ ਹੈ।) ਮੁਸਲਮਾਣਾਂ ਨੂੰ ਮਸੀਤ ਦੇ ਸਾਮ੍ਹਣੇ ਵਾਜਾ ਵਜਣ ਤੇ ਰੋਸ ਨਹੀਂ ਹੋਣਾ ਚਾਹੀਦਾ। ਹਿੰਦੂਆਂ ਤੇ ਸਿੱਖਾਂ ਨੂੰ ਭੀ ਚਾਹੀਦਾ ਹੈ ਕਿ ਜਦ ਮਸੀਤ ਵਿਚ ਨਮਾਜ਼ ਪੜ੍ਹੀਂਦੀ ਹੋਵੇ, ਤਾਂ ਅਦਬ ਵਜੋਂ ਆਪੇ ਵਾਜਾ ਬੰਦ ਕਰ ਦੇਣ ਜਾਂ ਵਾਜੇ ਵਾਲੇ ਜਲੂਸ ਦਾ ਵਕਤ ਹੀ ਐਸਾ ਰੱਖਣ ਕਿ ਉਸ ਵਕਤ ਨਮਾਜ਼ ਨਾ ਪੜ੍ਹੀਂਦੀ ਹੋਵੇ। ਮੈਂ ਤਾਂ ਜਦ ਮੁਸਲਮਾਣਾਂ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਨਮਾਜ਼ ਪੜ੍ਹਦੇ ਦੇਖਦਾ ਹਾਂ ਤਾਂ ਮੇਰਾ ਦਿਲ ਧਾਰਮਕ ਹੁਲਾਰੇ ਵਿਚ ਆ ਜਾਂਦਾ ਹੈ ਅਤੇ ਸਿਰ ਅਦਬ ਨਾਲ ਝੁਕ ਜਾਂਦਾ ਹੈ। ਉਥੇ ਮੇਰੇ ਸੋਹਣੇ ਭਰਾ ਮੇਰੇ ਆਪਣੇ ਸੋਹਣੇ ਰੱਬ ਦੀਆਂ ਸੋਹਣੀਆਂ ਸਿਫ਼ਤਾਂ ਕਰ ਰਹੇ ਹੁੰਦੇ ਹਨ! ਉਥੇ ਮੇਰੇ ਦਿਲ ਨੂੰ ਖੁਲ੍ਹਾ ਕਰਨ ਲਈ ਦਸਮੇਸ਼ ਜੀ ਦੀ ਵੰਗਾਰ ਪੈਂਦੀ ਹੈ: "ਦੇਹੁਰਾ ਮਸੀਤਿ ਸੋਈ, ਪੂਜਾ ਔ ਨਿਵਾਜ ਓਹੀ, ਮਾਨਸ ਸਭੇ ਏਕ, ਪੈ ਅਨੇਕ ਕੌ ਪ੍ਰਭਾਉ ਹੈ।"

ਤੀਜਾ ਇਕ ਹੋਰ ਉਪਾ ਹੈ ਜੋ ਬਾਕੀ ਉਪਾਵਾਂ ਤੋਂ ਨਿਰਾਸ ਹੋ ਕੇ ਪੇਸ਼ ਕੀਤਾ ਗਿਆ ਹੈ। ਉਹ ਇਹ ਹੈ ਕਿ ਭਿੰਨ ਭਿੰਨ ਜਾਤੀਆਂ

ー੯੯ー