ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/101

ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਹੱਕਾਂ ਦੇ ਬਰਾਬਰ ਦਿਸਣ। ਨਾਲੇ ਇਸ ਤਜਰਬੇ ਲਈ ਜ਼ਰੂਰੀ ਹੈ ਕਿ ਇਕ ਦੂਜੇ ਲਈ ਕਸ਼ਟ ਝਲਣ ਦੇ ਮੌਕੇ ਮਿਲਦੇ ਰਹਿਣ। ਪਰ ਹੋ ਸਕਦਾ ਹੈ ਕਿ ਹਾਲਾਤ ਹੀ ਐਸੇ ਹੋਣ ਕਿ ਇਹ ਮੌਕੇ ਮਿਲਣ ਹੀ ਨਾ, ਕਿਉਂਕਿ ਇਹ ਮੌਕੇ ਬਣਾਣਾ ਕਿਸੇ ਤੀਜੀ ਧਿਰ ਦੇ ਵਸ ਹੈ, ਜੋ ਸਿਆਣੀ ਤੇ ਚੇਤੰਨ ਹੋ ਸਕਦੀ ਹੈ। ਇਹ ਇਕ ਉਬਾਲੀ ਇਲਾਜ ਹੈ, ਤੇ ਸਿਰਫ਼ ਭੀੜਾਂ ਤੇ ਅਚਨਚੇਤੀ ਲੋੜਾਂ ਸਮੇਂ ਕੰਮ ਆ ਸਕਦਾ ਹੈ। ਇਹ ਕੌਮੀ ਉਸਾਰੀ ਦੇ ਪ੍ਰੋਗਰਾਮ ਦਾ ਪੱਕਾ ਤੇ ਸਥਾਈ ਅੰਗ ਨਹੀਂ ਬਣ ਸਕਦਾ, ਤੇ ਨਾ ਹੀ ਮਨੁੱਖੀ ਸੁਭਾ ਇਕੋਸਾਹੇ ਇਸ ਵਿਚ ਜੁੱਟਿਆ ਰਹਿ ਸਕਦਾ ਹੈ।

ਲਾਲਾ ਲਾਜਪਤ ਰਾਇ ਵਰਗੇ ਲੀਡਰਾਂ ਨੇ ਇਕ ਹੋਰ ਉਪਾ ਭੀ ਦਸਿਆ ਹੈ, ਜਿਸ ਦੀ ਪ੍ਰੋਢਤਾ ਅਜਕਲ ਦੇ ਖੁਲ੍ਹੇ ਜ਼ਮਾਨੇ ਵਿਚ ਬਹੁਤ ਹੋ ਰਹੀ ਹੈ। ਉਹ ਇਹ ਹੈ ਕਿ ਹਿੰਦੂ ਤੇ ਮੁਸਲਮਾਣ ਆਪਣੀਆਂ ਧਾਰਮਕ ਰਹੁ-ਰੀਤਾਂ ਵਿਚ ਘਟ ਸ਼ਿਡਈ ਹੋ ਜਾਣ, ਅਤੇ ਇਨ੍ਹਾਂ ਨੂੰ ਕੌਮੀ ਏਕਤਾ ਉਤੇ ਕੁਰਬਾਨ ਕਰ ਦੇਣ। ਇਹ ਮੰਗ ਉਤੋਂ ਉਤੋਂ ਬਹੁਤ ਵਾਜਬੀ ਦਿਸਦੀ ਹੈ, ਪਰ ਅਸਲ ਵਿਰ ਇਹ ਮੰਨਣੀ ਬਹੁਤ ਔਖੀ ਹੈ। ਜਿਵੇਂ ਮਜ਼੍ਹਬ ਦੀ ਬਣਤਰ ਹੈ ਜਾਂ ਅਸਾਂ ਹਿੰਦੁਸਤਾਨੀਆਂ ਨੇ ਇਹਨੂੰ ਸਮਝ ਰਖਿਆ ਹੈ, ਇਸ ਵਿਚ ਜਾਣ ਬੁਝ ਕੇ ਤਬਦੀਲੀ ਕਰਨ ਦੀ ਗੁੰਜਾਇਸ਼ ਨਹੀਂ। ਇਕ ਹਿੰਦੂ ਭਾਵੇਂ ਘਰ ਵਿਚ ਹਵਨ ਕਰੇ ਜਾਂ ਨਾ ਕਰੇ, ਪਰ ਜਿਸ ਵੇਲੇ ਅਨਮਤੀ ਲੋਕ ਉਸ ਦੇ ਇਸ ਹੱਕ ਵਿਚ ਦਖ਼ਲ ਦੇਣ ਤਾਂ ਉਹ ਹਰ ਇਕ ਨੁਕਸਾਨ ਸਹਾਰ ਕੇ ਇਸ ਦੀ ਰਖਵਾਲੀ ਲਈ ਉਠ ਖੜਾ ਹੋਵੇਗਾ। ਹਿੰਦੂ ਗਊ ਨੂੰ ਪਵਿੱਤਰ ਮੰਨਦੇ ਹਨ, ਪਰ ਮੁਸਲਮਾਣਾਂ ਵਿਚ ਗਊ ਦੀ ਕੁਰਬਾਨੀ ਧਾਰਮਕ ਅਸੂਲ ਹੈ। ਉਨ੍ਹਾਂ ਦਾ ਇਹ ਇਕ ਪਵਿੱਤਰ ਹੱਕ ਹੈ। ਜੇ ਓਹ ਚਾਹੁਣ ਤਾਂ ਇਸ ਹੱਕ ਨੂੰ ਭਾਵੇਂ ਕਦੇ ਭੀ ਨਾ ਵਰਤਣ, ਪਰ ਜੇ ਇਸ ਵਿਚ ਕੋਈ ਅਨਮਤੀ

ー੯੮ー