ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/99

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਉਂਕਿ ਇਹ ਚੀਜ਼ਾਂ ਮੁਸਲਮਾਨੀ ਸਭਿਅਤਾ ਨੂੰ ਯਾਦ ਕਰਾਉਂਦੀਆਂ ਹਨ। ਇਸੇ ਤਰ੍ਹਾਂ ਮੁਸਲਮਾਨ ਆਪਣੀਆਂ ਇਮਾਰਤਾਂ ਪੁਰਾਣੀ ਮੁਸਲਮਾਨੀ ਉਸਾਰਗੀਰੀ ਦੇ ਢੰਗ ਨਾਲ ਬਣਾ ਰਹੇ ਹਨ। ਇਹੋ ਮਨੋ-ਬਿਰਤੀ ਮੁਸੱਵਰੀ ਵਿਚ ਕੰਮ ਕਰ ਰਹੀ ਹੈ। ਬੰਗਾਲ ਦੇ ਚਿਤਰਕਾਰ, ਪੁਰਾਣੀ ਸਮਾਧਿ-ਬਿਰਤੀ ਅਨੁਸਾਰ ਜੋ ਨਿਰੋਲ ਹਿੰਦੂ ਬਿਰਤੀ ਹੈ, ਆਪਣੀਆਂ ਤਸਵੀਰਾਂ ਵਿਚ ਪਲਾਤਾ-ਪਲਾਤਾ ਰੰਗ ਭਰਦੇ ਹਨ ਅਤੇ ਆਪਣੇ ਭਾਵਾਂ ਨੂੰ ਪੂਰੀ ਤਰ੍ਹਾਂ ਸਤ੍ਹਾ ਤੇ ਨਹੀਂ ਲਿਆਉਂਦੇ। ਇਹ ਤਰਜ਼ ਨਿਰੋਲ ਹਿੰਦੁ ਹੋ ਸਕਦੀ ਹੈ, ਪਰ ਇਹ ਵਰਤਮਾਨ ਹਿੰਦ ਦੀ ਤਰਜ਼ ਨਹੀਂ ਅਖਵਾ ਸਕਦੀ, ਕਿਉਂਕਿ ਇਸ ਵਿਚ ਉਸ ਤਬਦੀਲੀ ਦਾ ਨਾਂ ਨਿਸ਼ਾਨ ਨਹੀਂ ਜੋ ਸਾਡੀ ਰੂਹ ਵਿਚ ਬਰਕਰਾਰ ਮੁਸਲਮਾਨੀ ਅਸਰ ਨੇ ਲਿਆਂਦੀ · ਦੂਜੇ ਪਾਸੇ ਚੁਗਤਾਈ ਵਰਗੇ ਮੁਸਲਮਾਨ ਮੁਸੱਵਰ, ਹਿੰਦੂਆਂ ਵਰਗੀ ਡੂੰਘਿਆਈ ਨਾ ਰਖਦੇ ਹੋਏ ਸਾਰਾ ਭਾਵ ਸਤ੍ਹਾ ਉਤੇ ਹੀ ਡੋਲ੍ਹ ਦਿੰਦੇ ਹਨ। ਐਸ ਵੇਲੇ ਸਰਦਾਰ ਠਾਕਰ ਸਿੰਘ ਵਰਗੇ ਟਾਵੇਂ-੨ ਸਿਖ ਮਸੱਵਰ ਦੋਹਾਂ ਤਰਜ਼ਾਂ ਦੇ ਵਿਚਕਾਰ ਇਕ ਵਾਸਤਵਿਕ ਸ਼ੈਲੀ ਚਲਾ ਰਹੇ ਹਨ। ਬਾਕੀ ਦੇ ਮੁਸੱਵਰ ਜਾਂ ਤਾਂ ਨਵੇਂ-੨ ਯੂਰਪੀ ਢੰਗ ਵਰਤ ਰਹੇ ਹਨ, (ਜਿਵੇਂ ਰੂਪ ਕ੍ਰਿਸ਼ਨਾ) ਜਾਂ ਉਹੋ ਪੁਰਾਣੀਆਂ ਲੀਹਾਂ ਉਘਾੜ ਰਹੇ ਹਨ। ਫ਼ਲਸਫ਼ੇ ਵਿਚ ਵੀ ਓਹੀ ਵਖੇਵਾਂ ਦਿਸ ਰਿਹਾ ਹੈ। ਮੁਸਲਮਾਨ ਆਪਣੇ ਬਾਹਰੋਂ ਲਿਆਂਦੇ ਖਿਆਲਾਂ ਉਤੇ ਜ਼ੋਰ ਦੇ ਰਹੇ ਹਨ ਅਤੇ ਹਿੰਦੂ ਜਦ ਹਿੰਦੁਸਤਾਨ ਦਾ ਜ਼ਿਕਰ ਕਰਦੇ ਹਨ ਤਾਂ ਉਨ੍ਹਾਂ ਦਾ ਭਾਵ ਉਪਨਿਸ਼ਾਂ ਜਾਂ ਛੇ ਸ਼ਾਸਤਰਾਂ ਤੋਂ ਹੁੰਦਾ ਹੈ। ਆਪਣਾ ਸਾਰਾ ਤਾਣ ਇਸੇ ਪੁਰਾਣੇ ਗਿਆਨ ਨੂੰ ਮੁੜ ਸੁਰਜੀਤ ਕਰਨ ਤੇ ਲਾ ਦਿੰਦੇ ਹਨ। ਓਹ ਇਹ ਨਹੀਂ ਸੋਚਦੇ ਕਿ ਵਿਚਕਾਰਲੇ ਜ਼ਮਾਨੇ ਦੇ ਭਗਤਾਂ ਤੇ ਫ਼ਕੀਰਾਂ ਨੇ ਗਿਆਨ ਦੇ ਨਾਲ ਮੁਸਲਮਾਨੀ ਖਿਆਲ ਰਲਾ ਕੇ ਇਕ ਨਵੀਂ ਸੰਧੀ ਕਾਇਮ ਕੀਤੀ ਸੀ ਅਤੇ ਹਿੰਦੁਸਤਾਨ ਲਈ ਇਕ ਨਵਾਂ ਤੇ ਸਾਂਝਾ ਫਲਸਫਾ ਤਿਆਰ ਕੀਤਾ ਸੀ, ਜਿਸ ਨੂੰ ਛੱਡ ਕੇ ਫਿਰ ਪੁਰਾਣੀਆਂ ਲੀਹਾਂ ਉਤੇ ਚਲਣਾ ਆਪਣੇ ਵਡੇ ਵਡੇਰਿਆਂ ਦੀ ਸਦੀਆਂ ਦੀ ਕੀਤੀ ਕਮਾਈ ਨੂੰ ਰੋੜ੍ਹਨਾ ਹੈ।

ਪਰ ਹੋ ਕੀ ਰਿਹਾ ਹੈ? ਹਰ ਇਕ ਧਿਰ ਆਪਣਾ ਵਖਰਾ ਵਾਯੂ-ਮੰਡਲ ਕਾਇਮ ਰਖਣਾ ਚਾਹੁੰਦੀ ਹੈ ਅਤੇ ਕੋਈ ਐਸੀ ਮਿਲੌਣੀ ਵਾਲੀ ਗੱਲ ਨਹੀਂ ਕਰਨਾ ਚਾਹੁੰਦੀ ਜਿਸ ਤੋਂ ਦੂਜੀ ਧਿਰ ਦਾ ਚੇਤਾ ਆ ਜਾਏ। ਦੋਵੇਂ ਲੋਕ ਆਪਣੀ ਸਾਰੀ ਵਾਹ, ਵਿਦਿਆ, ਹੁਨਰ ਤੇ ਧਰਮ ਰਾਹੀਂ ਆਪੋ ਆਪਣੇ ਖ਼ਿਆਲਾਂ ਤੇ ਜਜ਼ਬਿਆਂ ਨੂੰ

੯੭