ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/86

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆ ਸਕਦਾ ਹੈ। ਇਹ ਕੋਮੀ ਉਸਾਰੀ ਦੇ ਪ੍ਰੋਗਰਾਮ ਦਾ ਪੱਕਾ ਤੇ ਸਥਾਈ ਅੰਗ ਨਹੀਂ ਬਣ ਸਕਦਾ, ਤੇ ਨਾ ਹੀ ਮਨੁੱਖੀ ਸੁਭਾਅ ਇਕੋ ਸਾਹੇ ਇਸ ਵਿਚ ਜੁੱਟਿਆ ਰਹਿ ਸਕਦਾ ਹੈ।

ਲਾਲਾ ਲਾਜਪਤ ਰਾਇ ਵਰਗੇ ਲੀਡਰਾਂ ਨੇ ਇਕ ਹੋਰ ਉਪਾਅ ਭੀ ਦਸਿਆ ਹੈ ਜਿਸ ਦੀ ਪ੍ਰੋੜ੍ਹਤਾ ਅੱਜ ਕੱਲ੍ਹ ਦੇ ਖੁੱਲ੍ਹੇ ਜ਼ਮਾਨੇ ਵਿਚ ਬਹੁਤ ਹੋ ਰਹੀ ਹੈ। ਉਹ ਇਹ ਹੈ ਕਿ ਹਿੰਦੂ ਤੇ ਮੁਸਲਮਾਨ ਆਪਣੀਆਂ ਧਾਰਮਕ ਰਹੁ-ਰੀਤਾਂ ਵਿਚ ਘਟ ਸ਼ਿਡਈ ਹੋ ਜਾਣ, ਅਤੇ ਇਨ੍ਹਾਂ ਨੂੰ ਕੌਮੀ ਏਕਤਾ ਉਤੇ ਕੁਰਬਾਨ ਕਰ ਦੇਣ। ਇਹ ਮੰਗ ਉਤੋਂ ਬਹੁਤ ਵਾਜਬੀ ਦਿਸਦੀ ਹੈ ਪਰ ਅਸਲ ਵਿਚ ਇਹ ਮੰਨਣੀ ਬਹੁਤ ਔਖੀ ਹੈ। ਜਿਵੇਂ ਮਜ਼੍ਹਬ ਦੀ ਬਣਤਰ ਹੈ ਜਾਂ ਅਸਾਂ ਹਿੰਦੁਸਤਾਨੀਆਂ ਨੇ ਇਹਨੂੰ ਸਮਝ ਰਖਿਆ ਹੈ, ਜਿਸ ਵਿਚ ਜਾਣ ਬੁਝਕੇ ਤਬਦੀਲੀ ਕਰਨ ਦੀ ਗੁੰਜਾਇਸ਼ ਨਹੀਂ। ਇਕ ਹਿੰਦੂ ਭਾਵੇਂ ਘਰ ਵਿਚ ਹਵਨ ਕਰੇ ਜਾਂ ਨਾ ਕਰੇ, ਪਰ ਜਿਸ ਵੇਲੇ ਅਨਮਤੀ ਲੋਕ ਉਸ ਦੇ ਇਸ ਹੱਕ ਵਿਚ ਦਖ਼ਲ ਦੇਣ ਤਾਂ ਉਹ ਹਰ ਇਕ ਨੁਕਸਾਨ ਸਹਾਰ ਕੇ ਇਸ ਦੀ ਰਖਵਾਲੀ ਲਈ ਉਠ ਖੜਾ ਹੋਵੇਗਾ। ਹਿੰਦੂ ਗਊ ਨੂੰ ਪਵਿੱਤਰ ਮੰਨਦੇ ਹਨ ਪਰ ਮੁਸਲਮਾਨਾਂ ਵਿਚ ਗਊ ਦੀ ਕੁਰਬਾਨੀ ਧਾਰਮਕ ਅਸੂਲ ਹੈ। ਉਨ੍ਹਾਂ ਦਾ ਇਹ ਇਕ ਪਵਿੱਤਰ ਹੱਕ ਹੈ। ਜੇ ਓਹ ਚਾਹੁਣ ਤਾਂ ਇਸ ਹੱਕ ਨੂੰ ਭਾਵੇਂ ਕਦੇ ਭੀ ਨਾ ਵਰਤਣ, ਪਰ ਜੇ ਇਸ ਵਿਚ ਕੋਈ ਅਨਮਤੀ ਜਾਣ ਬੁਝ ਕੇ ਅੜਿੱਕਾ ਡਾਹੇ, ਤਦ ਓਹ ਮੂਤਾਣੇ ਹੋ ਖੜੋਣਗੇ। ਕਈਆਂ ਹਾਲਤਾਂ ਵਿਚ ਇਨ੍ਹਾਂ ਹੱਕਾਂ ਤੇ ਡੱਟ ਖਲੋਣਾ ਮਨੁੱਖ ਦੇ ਧਰਮ ਦੀ ਜ਼ਰੂਰੀ ਸ਼ਰਤ ਹੋ ਜਾਂਦੀ ਹੈ। ਇਨ੍ਹਾਂ ਧਾਰਮਕ ਹੱਕਾਂ ਦੀ ਖਿੱਚੋ ਖਿੱਚੀ ਦਾ ਇਲਾਜ ਇਹ ਨਹੀਂ ਕਿ ਇਕ ਧਿਰ ਨੂੰ ਆਪਣੇ ਹੱਕ ਛੱਡ ਦੇਣ ਉਤੇ ਮਜਬੂਰ ਕੀਤਾ ਜਾਵੇ, ਬਲਕਿ ਦੋਹਾਂ ਧਿਰਾਂ ਦੀ ਇਕ ਦੂਜੇ ਵਲ ਬ੍ਰਿਤੀ ਬਦਲਣੀ ਚਾਹੀਦੀ ਹੈ। ਕਿਸੇ ਇਕ ਨੂੰ ਦੂਜੇ ਦੇ ਰਸਮ ਰਿਵਾਜ ਪੂਰਾ ਕਰਨ ਵਿਚ ਉਜ਼ਰ ਨਹੀਂ ਹੋਣਾ ਚਾਹੀਦਾ। ਜੇ ਹਿੰਦੂ ਹਵਨ ਕਰਨ, ਤਾਂ ਮੁਸਲਮਾਨਾਂ ਨੂੰ ਖੁਸ਼ੀ ਹੋਣੀ ਚਾਹੀਦੀ ਹੈ, ਅਤੇ ਜੇ ਮੁਸਲਮਾਨ ਗਊ ਬੱਧ ਕਰਨ ਤਾਂ ਹਿੰਦੂਆਂ ਨੂੰ ਨੱਕ ਨਹੀਂ ਚੜ੍ਹਾਣਾ ਚਾਹੀਦਾ! (ਇਉਂ ਕਰਨ ਨਾਲ ਖਵਰੇ ਗਊਆਂ ਘਟ ਮਰਨਗੀਆਂ, ਜਿਵੈਂ ਕਿ ਨਿਰੋਲ ਮੁਸਲ ਮਾਨੀ ਮੁਲਕਾਂ ਵਿਚ ਹੁੰਦਾ ਹੈ)। ਮੁਸਲਮਾਨਾਂ ਨੂੰ ਮਸੀਤ ਦੇ ਸਾਹਮਣੇ ਵਾਜਾ ਵਜਣ ਤੇ ਰੋਸ ਨਹੀਂ ਹੋਣਾ ਚਾਹੀਦਾ। ਹਿੰਦੂਆਂ ਤੇ ਸਿੱਖਾਂ ਨੂੰ ਭੀ ਚਾਹੀਦਾ ਹੈ ਜਦ ਮਸੀਤ, ਵਿਚ ਨਮਾਜ਼ ਪੜ੍ਹੀਂਣੀ ਹੋਵੇ ਤਾਂ ਅਦਬ ਵਜੋਂ ਆਪੇ ਵਾਜਾ ਬੰਦ ਕਰ ਦੇਣ ਜਾਂ ਵਾਜੇ

੮੪