ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/57

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾੜ੍ਹੀ ਵਿਚੋਂ ਮੁਸਕਰਾ ਕੇ ਕਿਹਾ, "ਹਾਂ ਸਰਦਾਰ ਜੀ, ਇਹ ਵੀ ਇਕ ਉੱਚਾ ਹੁਨਰ ਹੈ।"

ਗੰਗਾ ਦੀਨ ਆਪ ਬਹੁਤ ਮਧਰਾ ਸੀ। ਉਸ ਦਾ ਚਿਹਰਾ ਮੁਹਰਾ ਉਸ ਦੇ ਆਪਣੇ ਬਣਾਏ ਬੂਟਾਂ ਵਰਗਾ ਸਾਫ਼ ਸੀ। ਉਸ ਉਤੇ ਕੋਈ ਦਿਖਾਵਾ ਜਾਂ ਹੋਛਾਪਣ ਨਹੀਂ ਸੀ। ਉਸ ਦੇ ਸਿਰ ਤੇ ਦਾੜ੍ਹੀ ਦੇ ਵਾਲ ਭੂਰੇ ਹੋ ਚੁੱਕੇ ਸਨ। ਪਰ ਉਸ ਦੀ ਅਵਾਜ਼ ਬੜੀ ਸਾਫ਼ ਸੀ। ਉਹ ਬੜੇ ਠਰ੍ਹਮੇ ਵਾਲਾ ਸੀ ਤੇ ਸਭ ਕੰਮ ਠੰਢੇ ਦਿਲ ਨਾਲ ਕਰਦਾ ਸੀ। ਉਸ ਦੀਆਂ ਅੱਖਾਂ ਵਿੱਚ ਚਮਕ ਸੀ, ਜੋ ਦਸਦੀ ਸੀ ਕਿ ਇਨ੍ਹਾਂ ਅੱਖਾਂ ਦਾ ਮਾਲਕ ਹਰ ਇਕ ਕੰਮ ਨਮੂਨੇ ਦਾ ਕਰਦਾ ਹੈ, ਆਪਣੀ ਸਾਰੀ ਵਾਹ ਲਾਹ ਕੇ ਕਰਦਾ ਹੈ ਅਤੇ ਆਪਣੇ ਦਿਲ ਦੇ ਪੂਰੇ ਚਾਉ ਨਾਲ ਕਰਦਾ ਹੈ। ਉਸ ਦਾ ਵੱਡਾ ਭਰਾ ਭਾਵੇਂ ਰਤਾ ਪਿਲੱਤਣ ਉਤੇ ਸੀ ਤੇ ਕੁੱਭਾ ਵੀ ਸੀ, ਪਰ ਉਹ ਗੰਗਾ ਦੀਨ ਨਾਲ ਏਨਾ ਰਲਦਾ ਸੀ ਕਿ ਮੈਨੂੰ ਕਈ ਵਾਰ ਪਤਾ ਹੀ ਨਹੀਂ ਸੀ ਲਗਦਾ ਕਿ ਮੈਂ ਉਨ੍ਹਾਂ ਵਿਚੋਂ ਕਿਸ ਨਾਲ ਗੱਲਾਂ ਕਰ ਰਿਹਾ ਹਾਂ। ਫੇਰ ਵੀ ਇਕ ਨਿਸ਼ਾਨੀ ਮੈਨੂੰ ਲੱਭੀ ਹੋਈ ਸੀ। ਜੇ ਤਾਂ ਮੇਰੇ ਨਾਲ ਗੱਲਾਂ ਕਰਨ ਵਾਲਾ ਕਹਿੰਦਾ ਕਿ ਮੈਂ ਭਰਾ ਨੂੰ ਪੁੱਛਾਂਗਾ ਤਾਂ ਮੈਂ ਸਮਝ ਲੈਂਦਾ ਕਿ ਇਹ ਵੱਡਾ ਭਰਾ ਹੈ: ਜੇ ਉਹ ਇਹ ਨਾ ਕਹਿੰਦਾ ਤਾਂ ਗੰਗਾ ਦੀਨ ਹੁੰਦਾ।

ਲੋਕੀਂ ਵੱਡੀਆਂ ਦੁਕਾਨਾਂ ਦੇ ਬਿਲ ਚੋਖਾ ਚਿਰ ਰੋਕ ਛੱਡਦੇ ਹਨ, ਪਰ ਗੰਗਾ ਦੀਨ ਦਾ ਬਿਲ ਕੋਈ ਨਹੀਂ ਸੀ ਰੋਕਦਾ। ਸਭ ਨੂੰ ਪਤਾ ਹੁੰਦਾ ਸੀ ਕਿ ਉਸ ਵਿਚਾਰੇ ਦਾ ਏਨਾ ਪਾਹਣਾ ਨਹੀਂ। ਉਹ ਤਾਂ ਇਕ ਮਿਹਨਤੀ ਸੀ ਤੇ ਰੋਜ਼ ਮਜੂਰੀ ਕਰ ਕੇ ਰੋਟੀ ਖਾਂਦਾ ਸੀ। ਜੇ ਉਸ ਦੇ ਅਗਲੇ ਪੈਸੇ ਦੇਣੇ ਹੋਣ ਤਾਂ ਉਸ ਕੋਲ ਜਾਂਦਿਆਂ ਹੀ ਸ਼ਰਮ ਆਉਂਦੀ ਸੀ। ਉਸ ਦਾ ਗਾਹਕ ਵਰ੍ਹੇ ਛਿਮਾਹੀਂ ਉਸ ਵਲ ਫੇਰਾ ਪਾਉਂਦਾ ਸੀ, ਕਿਉਂਕਿ ਉਸ ਦੇ ਬਣਾਏ ਬੂਟ ਥੋੜ੍ਹੇ ਕੀਤੇ ਟੁੱਟਦੇ ਨਹੀਂ ਸਨ।

ਉਸ ਦੀ ਦੁਕਾਨ ਉਤੇ ਹੋਰਨਾਂ ਦੁਕਾਨਾਂ ਵਾਂਗੂ ਕਾਹਲੀ ਵਿਚ ਨਹੀਂ ਸੀ ਜਾਈਦਾ, ਸਗੋਂ ਓਥੇ ਤਾਂ ਓਨੇ ਠੰਢੇ ਦਿਨ ਨਾਲ ਜਾਈਦਾ ਸੀ, ਜਿੰਨੇ ਨਾਲ ਧਾਰਮਕ ਮੰਦਰ ਵਿਚ। ਬਹੁਤ ਕਰਕੇ ਦੁਕਾਨ ਖ਼ਾਲੀ ਪਈ ਰਹਿੰਦੀ ਸੀ ਤੇ ਉਥੇ ਲੋਹੇ ਦੀ ਕੁਰਸੀ ਉਤੇ ਗਾਹਕ ਜਾ ਕੇ ਕੁਝ ਪਲ ਬੈਠਾ ਰਹਿੰਦਾ ਸੀ। ਓਚਰ ਨੂੰ ਛਤ ਉਤੋਂ ਜਾਂ ਦੁਕਾਨ ਦੇ ਦੂਜੇ ਸਿਰੇ ਤੋਂ ਬੜੇ ਭਾਰੇ ਭਾਰੇ ਸਲੀਪਰਾਂ ਦੀ ਅਵਾਜ਼ ਸੁਣੀਂਦੀ ਸੀ ਤੇ ਗੰਗਾ ਦੀਨ ਜਾਂ ਉਸ ਦਾ ਭਰਾ ਗਾਹਕ ਦੇ ਸਾਹਮਣੇ ਆ ਪੁੱਜਦਾ

੫੫