ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/46

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗ੍ਰਿਹਸਤੀ ਰਾਜੇ ਜਨਕ ਵਰਗਿਆਂ ਤੋਂ। ਇਸੇ ਲਈ ਸਿੱਖ ਗੁਰੂਆਂ ਨੇ ਘਰੋਗੀ ਜੀਵਨ ਉੱਤੇ ਜ਼ੋਰ ਦਿਤਾ, ਕਿਉਂਕਿ ਸਦਾਚਾਰ ਬਣਦਾ ਹੀ ਜੀਵਨ ਤੋਂ ਹੈ। ਧੀਆਂ ਪੁੱਤਰ ਇਸਤਰੀ ਮਾਤਾ ਪਿਤਾ ਇਹ ਮਾਇਆ ਦੇ ਸੰਬੰਧ ਨਹੀਂ, ਸਗੋਂ ਹਰੀ ਨੇ ਆਪ ਸਾਡੇ ਆਚਰਣ ਢਾਲਣ ਲਈ ਪਵਿੱਤਰ ਸਾਂਚੇ ਬਣਾਏ ਹਨ:

"ਮਾਈ ਬਾਪ ਪੁਤ੍ਰ ਸਭਿ ਹਰਿ ਕੇ ਕੀਏ।
ਸਭਨਾਂ ਕਉ ਸਨਬੰਧੁ ਹਰਿ ਕਰਿ ਦੀਏ। (ਗੁਜਰੀ ਮ: ੪}

ਜਿਸ ਨੇ ਕਿਸੇ ਵਿਹਾਰ ਵਿਚ ਪੈ ਕੇ ਨਿਤ ਨਿਤ ਬਦ-ਦਿਆਨਤੀ ਦਾ ਟਾਕਰਾ ਨਹੀਂ ਕੀਤਾ, ਉਸ ਨੇ ਦਿਆਨਤਦਾਰ ਦੇ ਗੁਣ ਨੂੰ ਕਿਵੇਂ ਸਿਖਾਣਾ ਹੋਇਆ? ਇਸੇ ਤਰ੍ਹਾਂ ਜਿਸ ਨੇ ਪਿਤਾ, ਮਾਤਾ, ਭਰਾ ਭੈਣ, ਪੁਤਰ ਧੀ ਬਣ ਕੇ ਇਨ੍ਹਾਂ ਔਕੜਾਂ ਦਾ ਮੁਕਾਬਲਾ ਨਹੀਂ ਕੀਤਾ, ਉਸ ਨੂੰ ਇਨ੍ਹਾਂ ਸੰਬੰਧਾਂ ਵਿਚੋਂ ਪੈਦਾ ਹੋਏ ਗੁਣ, ਪਿਤਾ-ਪੁਣਾ, ਪੁਤਰ-ਪੁਣਾ ਆਦਿ ਕਿਵੇਂ ਆ ਸਕਦੇ ਹਨ? ਪਿਆਰ, ਹਮਦਰਦੀ, ਕੁਰਬਾਨੀ, ਸੇਵਾ ਆਦਿ ਗੁਣ ਕਦੀ ਭੀ ਨਹੀਂ ਸਿੱਖੇ ਜਾ ਸਕਦੇ ਜਦ ਤਕ ਕਿ ਮਨੁੱਖ ਘਰ ਦੇ ਸੰਬੰਧੀਆਂ ਨਾਲ ਪਿਆਰ, ਉਨ੍ਹਾਂ ਦੀ ਸੰਭਾਲ ਲਈ ਉੱਦਮ ਤੇ ਲਿਆਕਤ ਨਾ ਪੈਦਾ ਕਰੇ।

ਘਰ ਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ਼ ਪਿਆਰ ਪੈਦਾ ਹੁੰਦਾ ਹੈ। ਕੇਵਲ ਓਹੀ ਲੋਕ ਆਪਣੇ ਮੁਲਕ ਉਤੇ ਹਮਲੇ ਜਾਂ ਅਤਿਆਚਾਰ ਹੁੰਦੇ ਨਹੀਂ ਸਹਾਰ ਸਕਦੇ ਜਿਨ੍ਹਾਂ ਦੇ ਘਰਾਂ ਨੂੰ, ਟਬਰਾਂ ਨੂੰ, ਵਹੁਟੀ ਤੇ ਬੱਚਿਆਂ ਨੂੰ ਨੁਕਸਾਨ ਹੋਣ ਦਾ ਖ਼ਤਰਾ ਹੁੰਦਾ ਹੈ। ਮੈਨੂੰ ਹਿੰਦੁਸਤਾਨ ਉਤਨਾ ਹੀ ਪਿਆਰਾ ਹੈ ਜਿਤਨਾ ਕਿ ਮੇਰੇ ਆਪਣੇ ਅਡਿਆਲੇ ਪਿੰਡ ਦਾ ਕੱਚਾ ਕਠਾ ਅਤੇ ਉਸ ਵਿਚ ਵਸਦੇ ਬੰਦੇ ਪਿਆਰੇ ਹਨ। ਮੈਨੂੰ ਯਾਦ ਹੈ, ਜਦ ਮੈਂ ਰਾਵਲਪਿੰਡੀ ਪੜ੍ਹਦਾ ਹੁੰਦਾ ਸਾਂ ਤਾਂ ਹਰ ਹਫਤੇ ਐਤਵਾਰ ਕਟਣ ਨੂੰ ਆਪਣੇ ਪਿੰਡ ਜਾਂਦਾ ਹੁੰਦਾ ਸਾਂ! ਜਦ ਮੈਂ ‘ਚੀਰ ਪੜਾਂ' ਤੋਂ ਲੰਘਕੇ 'ਤ੍ਰਿਪਿਆਂ' ਕੋਲ ਪੁਜਦਾ ਸਾਂ, ਜਿਥੋਂ ਇਕ ਟਿੱਬੇ ਦੇ ਓਹਲੇ ਮੇਰਾ ਪਿੰਡ ਵਸਦਾ ਦਿਸਦਾ ਸੀ, ਤਾਂ ਪਿੰਡ ਦੀ ਪਿਆਰੀ ਝਾਕੀ ਅੱਖਾਂ ਦੇ ਸਾਹਮਣੇ ਆਉਣ ਤੋਂ ਪਹਿਲਾਂ ਮੈਂ ਉਸ ਟਿੱਬੇ ਕੋਲ ਠਹਿਰ ਜਾਂਦਾ ਸਾਂ, ਅਤੇ ਦਿਲ ਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਪਿੰਡ ਵਲ ਝਾਕਣ ਦਾ ਹੀਆ ਕਰਦਾ ਸਾਂ। ਮੁੜਦੀ ਵੇਰ ਭੀ ਪਿੰਡ ਨੂੰ ਅੱਖਾਂ ਤੋਂ ਓਹਲੇ ਹੋਣ ਤੋਂ ਪਹਿਲਾਂ ਮੁੜ ਮੁੜ ਦੇਖਦਾ ਸਾਂ। ਕਈ ਵੇਰੀ ਉਸ ਦੇ ਓਹਲੇ ਹੋ ਜਾਣ ਦੇ ਮਗਰੋਂ ਕੁਝ ਕਦਮ ਪਿੱਛੇ ਪਰਤ ਕੇ ਮੁੜ ਪਿੰਡ ਨੂੰ ਦੇਖਣ ਜਾਂਦਾ ਸਾਂ, ਪਿੰਡ ਕਿੱਡਾ ਪਿਆਰਾ ਸੀ! ਅਤੇ ਉਸ ਵਿਚ ਵਸਦੇ ਮੇਰੇ ਸੰਬੰਧੀ ਹੋਰ ਭੀ ਪਿਆਰੇ ਸਨ। (ਪਰ ਹੁਣ ਉਹ ਕਿਥੇ? ਸਭ ਛਾਈਂ-ਮਾਈ ਹੋ ਗਿਆ। ਅੰਗਰੇਜ ਜਾਂ ਫ਼ਰਾਂਸੀਸੀ ਮੇਰੇ ਪਿੰਡ ਜਾ ਸਕਦਾ ਹੈ, ਪਰ ਹਾਏ! ਮੈਂ ਨਹੀਂ ਜਾ ਸਕਦਾ!)

੪੪