ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/44

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਹਿੰਦਾ ਸੀ, ਅਤੇ ਉਸ ਦੀ ਵਹੁਟੀ ਵੱਖ ਬਰਾਂਡੇ ਵਿਚ ਬੈਠੀ ਆਏ ਗਏ ਨੂੰ ਤ੍ਰਾਂਹਦੀ ਰਹਿੰਦੀ। ਜਦ ਕਦੀ ਉਹ ਹੀਆ ਕਰ ਕੇ ਉਸ ਦੇ ਕਮਰੇ ਦਾ ਬੂਹਾ ਖੋਲ੍ਹ ਕੇ ਅੰਦਰ ਝਾਕਦੀ ਤਾਂ ਉਹ ਖਿਝ ਕੇ ਖਾਣ ਨੂੰ ਪੈਂਦਾ ਅਤੇ ਉਸ ਨੂੰ ਤ੍ਰਾਹ ਕੇ ਬਾਹਰ ਕੱਢ ਦਿੰਦਾ। ਉਸ ਦਾ ਸਾਰੇ ਸੰਸਾਰ ਨੂੰ ‘ਚੁੱਪ' ਦੇ ਮਜ਼ਮੂਨ ਉਤੇ ਅਮੁੱਕ ਸਿਖਿਆ ਦੇਣ ਦਾ ਕੀ ਲਾਭ ਜਦ ਉਸ ਦੀ ਆਪਣੀ ਕਲਮ ਚੁੱਪ ਨਹੀਂ ਕਰਦੀ ਅਤੇ ਅਹਿਮਕ ਨਾਈ ਦੀ ਕੈਂਚੀ ਵਾਕਰ ਲੁਤਰ ਲੁਤਰ ਕਰਦੀ ਰਹਿੰਦੀ ਹੈ? ਉਸ ਦੀ ਲੰਮੇ ਲੰਮੇ ਲੇਖ ਲਿਖ ਕੇ ਲੋਕਾਂ ਨੂੰ ਚਾਬਕ ਵਰਗੀ ਤਾੜਨਾ ਕਰਨ ਦਾ ਕੀ ਲਾਭ ਜੇ ਉਹ ਆਪ ਇਕ ਘਰ ਦੀ ਸੁਆਣੀ ਨੂੰ ਭੀ ਅਰਾਮ ਨਾ ਦੇ ਸਕੇ!

ਅੱਜ ਕੱਲ੍ਹ ਬਹੁਤ ਸਾਰੀ ਦੁਰਾਚਾਰੀ ਦਾ ਕਾਰਣ ਘਰੋਗੀ ਵਸੋਂ ਦਾ ਘਾਟਾ ਅਤੇ ਬਾਜ਼ਾਰੀ ਰਹਿਣੀ-ਬਹਿਣੀ ਦਾ ਵਾਧਾ ਹੈ। ਘਰ ਘਟ ਰਹੇ ਹਨ, ਅਤੇ ਹੋਟਲ ਵਧ ਰਹੇ ਹਨ। ਲੋਕੀਂ ਘਰ ਦੇ ਸਦਾਚਾਰੀ ਅਸਰ ਨੂੰ ਨਾ ਜਾਣਦੇ ਹੋਏ, ਬਾਲ ਬੱਚੇ ਤੇ ਤੀਵੀਂ ਨਾਲ ਜੀਵਨ ਬਿਤਾਣ ਦੀ ਥਾਂ ਕਲੱਬਾਂ ਤੇ ਹੋਟਲਾਂ ਦੀ ਰਹਿਣੀ ਨੂੰ ਵਧੇਰੇ ਪਸੰਦ ਕਰਦੇ ਹਨ। ਇਸ ਦਾ ਸਿੱਟਾ ਇਹ ਨਿਕਲ ਰਿਹਾ ਹੈ ਕਿ ਲੋਕਾਂ ਵਿਚੋਂ ਉਹ ਘਰੋਗੀ ਜ਼ਿੰਮੇਂਵਾਰੀ, ਉਹ ਬਿਰਾਦਰੀ ਵਾਲੀ ਸ਼ਰਾਫਤ ਅਤੇ ਉਹ ਮਿਠਤ ਤੇ ਨਿਮ੍ਰਤਾਂ ਵਾਲੇ ਗੁਣ ਘਟ ਰਹੇ ਹਨ ਜੋ ਕੇਵਲ ਘਰੋਗੀ ਆਚਰਣ ਤੋਂ ਹੀ ਉਪਜਦੇ ਹਨ। ਇਸਤਰੀ ਤੇ ਬੱਚਿਆਂ ਵਿਚ ਕੇਵਲ ਇਤਨੀ ਦਿਲਚਸਪੀ ਦਸੀ ਜਾਂਦੀ ਹੈ ਜਿਤਨੀ ਕਿ ਉਹਨਾਂ ਨੂੰ ਘਰ ਤੋਂ ਬਾਹਰ ਲੋਕਾਂ ਦੇ ਸਾਹਰਣੇ ਸ਼ੂਕੇ ਬਾਂਕੇ ਬਣ ਕੇ ਵਿਖਾਣ ਜੋਗਾ ਬਣਾ ਦੇਵੇ। ਇਹ ਬਹੁਤ ਘਟ ਦੇਖਿਆ ਜਾਂਦਾ ਹੈ ਕਿ ਘਰ ਦਾ ਮਾਲਕ ਆਪਣੇ ਘਰ ਦੇ ਬੰਦਿਆਂ ਲਈ ਕੋਈ ਦਿਮਾਗੀ, ਸਦਾਚਾਰਕ ਜਾਂ ਆਤਮਕ ਉਨਤੀ ਵਾਲੇ ਸਾਧਨ ਇਕੱਠੇ ਕਰਦਾ ਹੋਵੇ ਜਾਂ ਖੇਡਾਂ, ਪੁਸਤਕਾਂ, ਸਵਾਦੀ ਤਮਾਸ਼ੇ ਜਾਂ ਧਾਰਮਿਕ ਸਿੱਖਿਆ ਦੇ ਸਮਿਆਨ ਵਧਾਣ ਦਾ ਜਤਨ ਕਰਦਾ ਹੋਵੇ।

ਮੁੰਡਿਆਂ ਅਤੇ ਵਿਦਿਆਰਥੀਆਂ ਬਾਬਤ ਭੀ ਸ਼ਕਾਇਤ ਕੀਤੀ ਜਾਂਦੀ ਹੈ ਕਿ ਉਹ ਸਮਾਜਕ ਵਰਤੋਂ ਵਿਚ ਕੋਰੇ ਜਹੇ ਗੈਰ-ਜ਼ਿੰਮੇਵਾਰ ਅਤੇ ਕਈ ਵੇਰ ਸਦਾਚਾਰ ਦੀਆਂ ਹਦਾਂ ਟਪ ਜਾਣ ਵਾਲੇ ਹੋ ਜਾਂਦੇ ਹਨ। ਇਸ ਦਾ ਕਾਰਨ ਵੀ ਘਰਾਂ ਨੂੰ ਛੱਡ ਕੇ ਬੋਰਡਿੰਗ ਦੀ ਰਹਿਣੀ ਬਹਿਣੀ ਹੈ। ਜਿਹੜਾ ਮੁੰਡਾ ਬਚਪਨ ਤੋਂ ਲੈ ਕੇ ਉਮਰ ਦਾ ਚੌਖਾ ਹਿੱਸਾ ਮਾਂ, ਭੈਣ, ਭਰਾ ਤੇ ਗੁਆਂਢੀਆਂ ਤੋਂ ਵੱਖਰਾ ਰਹਿ ਕੇ ਬੋਰਡਿੰਗ

੪੨