ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/28

ਇਹ ਸਫ਼ਾ ਪ੍ਰਮਾਣਿਤ ਹੈ

ਹਸ ਖੇਡਣਾ ਤੁਸਾਂ ਚਾ ਮਨ੍ਹਾਂ ਕੀਤਾ, ਅਸਾਂ ਧੂਏਂ ਦੇ ਗੋਹੇ ਨਹੀਂ ਢੋਵਣੇ ਨੀ।

ਵਰਤਮਾਨ ਸਮੇਂ ਵਿਚ ਐਸ. ਐਸ. ਚਰਨ ਸਿੰਘ ‘ਸ਼ਹੀਦ' ਅਤੇ ਈਸ਼ਰ ਸਿੰਘ 'ਈਸ਼ਰ’ ਨੇ ਹਾਸ-ਰਸ ਨੂੰ ਚੰਗਾ ਨਿਬਾਹਿਆ ਹੈ। ‘ਸ਼ਹੀਦ’ ਜੀ ਨੇ ਆਪਣੀ ਕਵਿਤਾ ਦੀ ਕਿਤਾਬ ‘ਬਾਦਸ਼ਾਹੀਆਂ' ਵਿਚ ਸੁਥਰੇ ਸ਼ਾਹ ਦੀ ਬਾਦਸ਼ਾਹੀ ਰੁਚੀ ਨੂੰ ਮੁੜ ਸੁਰਜੀਤ ਕੀਤਾ ਹੈ। ਪਰ ਉਨ੍ਹਾਂ ਦੀ ਕਵਿਤਾ ਵਿਚ ਉਹ ਸੰਜਮ ਨਹੀਂ ਜੋ ਅਸਲ ਸੁਥਰੇ ਦੀਆਂ ਗੱਲਾਂ ਵਿਚ ਹੁੰਦੀ ਸੀ, ਇਸ ਲਈ ਇੱਕੜ-ਦੁੱਕੜ ਤੁਕਾਂ ਯਾਦ ਉਤੇ ਨਹੀਂ ਚੜ੍ਹਦੀਆਂ, ਪਰ ਉਨ੍ਹਾਂ ਦੀ ਕੋਈ ਪੂਰੀ ਕਵਿਤਾ ਲਉ, ਉਸੇ ਵਿਚ ਸਮੁੱਚੇ ਤੌਰ ਤੇ ਉਹੀ ਸਵਾਦ ਆਵੇਗਾ। ਇਹ ਕਵੀ ਹਸਾਉਣੇ ‘ਵਾਕਿਆਂ' ਨੂੰ ਬਿਆਨ ਕਰਨ ਵਾਲਾ ਹੈ ਨਾ ਕਿ ਹਸਾਉਣੇ ‘ਵਾਕ ਰਚਣ ਵਾਲਾ'। ਹਾਂ,'ਮਜ਼ੇਦਾਰ ਬੇਵਫਾਈਆਂ', ‘ਮੰਗਤਾ ਪਾਤਸ਼ਾਹ' ਆਦਿ ਹਸਾਉਣੇ ਲਫ਼ਜ਼ ਜਾਂ ਇਸ ਤਰ੍ਹਾਂ ਦੇ ਕਥਨ ਜ਼ਰੂਰ ਯਾਦ ਵਿਚ ਰਹਿ ਜਾਂਦੇ ਹਨ, ਜਿਵੇਂ———

'ਨਿਆਜ਼ ਯਾਰ੍ਹਵੀਂ ਦੀਆਂ ਰੋਟੀਆਂ ਢੇਰ ਮੁੱਲਾਂ ਨੂੰ ਆਈਆਂ।
ਵਾਂਗ ਪਾਥੀਆਂ, ਬਾਹਰ ਮਸੀਤੋਂ, ਧੁੱਪੇ ਸੁਕਣੇ ਪਾਈਆਂ।'

‘ਸ਼ਹੀਦ’ ਜੀ ਨਸਰ ਵਿਚ ਵੀ ਹਸੌਣੇ ਲੇਖ ਦਾ ਮੁੱਢ ਬੰਨ੍ਹ ਗਏ ਹਨ, ਖ਼ਾਸ ਕਰਕੇ ਬਾਬੇ ਵਰਿਆਮ ਜਿਹਾ ਇਕ ਐਸਾ ਦਿਲ ਖਿਚਵਾਂ ਤੇ ਮਖੌਲੀ ਪਾਤਰ ਬਣਾ ਗਏ ਹਨ ਕਿ ਹੁਣ ਤਕ ਉਸ ਦੇ ਨਾਲ ਦਾ ਨਾ ਕੋਈ ਪੰਜਾਬੀ ਸਾਹਿੱਤ ਵਿਚ ਜੰਮਿਆ ਹੈ ਨਾ ਜੰਮੇਗਾ। ਹਾਂ, ਉਸ ਦੀਆਂ ਨਕਲਾਂ ਕਰਨ ਵਾਲੇ ਹਰ ਇਕ ਅਖ਼ਬਾਰ ਵਿਚ ਜੰਮ ਪਏ ਹਨ।

ਈਸ਼ਰ ਸਿੰਘ 'ਈਸ਼ਰ' ਦਾ 'ਭਾਈਆ' ਚੰਗੀ ਮਖੌਲੀ ਕਿਤਾਬ ਹੈ, ਅਤੇ ਇਸ ਸੰਬੰਧ ਵਿਚ ਬਹੁਤ ਕਦਰ ਜੋਗ ਹੈ। ਇਹ ਲਿਖਾਰੀ ਹਾਸਾ ਲਿਆਉਣ ਲਈ ਕਈ ਤਰੀਕੇ ਵਰਤਦਾ ਹੈ। ਕਦੀ ਤਾਂ ਹਸਾਉਣੇ ਮੌਕੇ ਪੈਦਾ ਕਰਦਾ ਹੈ, ਜਿਵੇਂ ਭਾਈਏ ਦੀ ਕੁਕੜੀ, ਭਾਈਏ ਦਾ ਨੱਕ, ਭਾਈਏ ਦੇ ਸ਼ਗਨ ਮਗਨ ਆਦਿ ਜਿਨ੍ਹਾਂ ਦਾ ਖ਼ਿਆਲ ਕਰਦਿਆਂ ਹੀ ਦਿਲ ਵਿਚ ਕੁਤਕੁਤਾਰੀਆਂ ਹੋਣ ਲਗ ਪੈਂਦੀਆਂ ਹਨ। ਨਾਲ ਹੀ ਬੋਲੀ ਭੀ ਸਮੇਂ ਦੇ ਅਨਕੂਲ ਬਹੁਤ ਚੁਸਤ, ਢੁੱਕਵੀਂ ਤੇ ਮੁਹਾਵਰਿਆਂ ਨਾਲ ਜੜਤ ਹੋਈ ਵਰਤਦਾ ਹੈ, ਜਿਵੇਂ———

'ਆਮਦ ਸਾਡੀ ਉਤੇ ਘਰ ਵਿਚ ਨਾ ਸੀ ਠੀਕਰ ਕਾਣੀ।
ਭਾਈਏ ਜੀ ਦੇ ਥਲਿਉਂ ਸਾਰਾ ਨਿਕਲ ਚੁਕਾ ਸੀ ਪਾਣੀ।'

੨੬