ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/136

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੇਲਣੇ ਸਿਧੇ ਪੁਠੇ ਵੇਲਣੇ ਪੈਣਗੇ, ਤਦ ਜਾ ਕੇ ਅਸਲੀ ਮਜ਼ਮੂਨ ਵਲ ਆਉਗੇ। ਗੱਲ ਸ਼ੁਰੂ ਕਰਨੀ ਹੀ ਔਖੀ ਹੁੰਦੀ ਹੈ। ਜਦ ਇਕ ਵਾਰ ਗੱਲ ਰਿੜ੍ਹ ਪਏ ਤਾਂ ਖਿਦੋ ਵਾਂਗ ਖੇਡ ਜਾਰੀ ਰਹਿੰਦੀ ਹੈ। ਵਿਚ ਵਿਚਾਲੇ ਜਿਥੇ ਭੀ ਮੌਕਾ ਲੱਗ ਜਾਏ, ਆਪਣੇ ਮਤਲਬ ਦੀ ਗੱਲ ਠੇਲ੍ਹ ਦੇਈਦੀ ਹੈ:

"ਸੁਣਾ ਯਾਰ! ਤੂੰ ਤਾਂ ਈਦ ਦਾ ਚੰਦ ਹੀ ਹੋ ਗਿਓਂ। ਕਿਥੇ ਰਹਿੰਦਾ ਏ?"
"ਰਹਿਣਾ ਕੀ ਏ? ਕਈ ਦਿਨਾਂ ਤੋਂ ਮੰਜੇ ਤੇ ਪਿਆ ਪਾਸੇ ਮਾਰਦਾ ਹਾਂ। ਗੋਡੇ ਵਿਚ ਜੁ ਦਰਦ ਆ ਨਿਕਲੀ ਐ।"
"ਹਾਂ ਜੀ! ਧਨੀ ਲੋਕਾਂ ਦੀਆਂ ਬੀਮਾਰੀਆਂ ਵੀ ਆਰਾਮ ਵਾਲੀਆਂ ਹੁੰਦੀਆਂ ਨੇ। ਡਾਕਟਰ ਹੋ ਨਾ। ਲੋਕੀਂ ਮੰਜੇ ਤੇ ਪਿਆਂ ਨੂੰ ਭੀ ਆ ਦੁਆਈ ਪੁਛਦੇ ਨੇ ਤੇ, ਫ਼ੀਸਾਂ ਪਏ ਦਿੰਦੇ ਨੇ। ਜੇ ਮੇਰੇ ਵਰਗਾ ਕੰਗਾਲ ਹੁੰਦਾ ਤਾਂ ਬੀਮਾਰ ਪਏ ਦੇਖਦੋਂ ਕਿ ਕਿੰਨੀਂ ਵੀਹੀਂ ਸੌ ਹੁੰਦਾ ਹੈ।
"ਵਾਹ ਭਈ! ਤੂੰ ਕਦੋਂ ਦਾ ਕੰਗਾਲ ਹੋ ਗਿਓਂ!"
"ਤੈਨੂੰ ਪਤਾ ਨਹੀਂ? ਮਕਾਨ ਬਣਾ ਬੈਠਾ ਹਾਂ ਸਭ ਕੁਝ ਵਿਚ ਲੱਗ ਗਿਐ। ਛੇ ਕੁ ਮਹੀਨੇ ਦੀ ਔੜ ਹੈ। ਫੇਰ ਜਲ ਥਲ ਹੋ ਜਾਏਗਾ। ਹਾਂ ਸੱਚੀਂ! ਇਕ ਸੌਂ ਰੁਪਏ ਦੀ ਡਾਢੀ ਲੋੜ ਹੈ। ਭਰਜਾਈ ਕੋਲੋਂ ਪੁੱਛ ਖਾਂ ਕਿਤੇ ਏਧਰ ਓਧਰ ਰੱਖੇ ਹੋਣ ਤਾਂ ਕੁਝ ਦਿਨਾਂ ਲਈ ਦੇ ਦੇਵੇ।"
ਬਸ ਇਥੋਂ ਆਪਣੇ ਮਤਲਬ ਦੀ ਗੱਲ ਸਿੱਧੀ ਸ਼ੁਰੂ ਕਰ ਲਈਦੀ ਹੈ। ਔਖ ਕੇਵਲ ਸ਼ੁਰੂ ਕਰਨ ਵਿਚ ਹੀ ਹੁੰਦਾ ਹੈ। ਸੌ ਇਹ ਸ਼ੁਰੂ ਕਰਨਾ ਹੁਨਰ ਹੀ ਗੱਪ ਸ਼ਪ ਅਖਵਾਂਦਾ ਹੈ। ਕੋਈ ਦੁਖ ਵਾਲਾ ਸੁਨੇਹਾ ਦੇਣਾ ਹੋਵੇ, ਕੋਈ ਸ਼ਿਫਾਰਸ਼ ਪਾਣੀ ਹੋਵੇ, ਕਈ ਸਾਕ ਸੰਬੰਧ ਕਰਨਾ ਪਏ ਤਾਂ ਅਸਲੀ ਮਤਲਬ ਦੀ ਇਮਾਰਤ ਖੜ੍ਹੀ ਕਰਨ ਤੋਂ ਪਹਿਲਾਂ ਕੁਝ ਵਿਹਲੀਆਂ ਗੱਲਾਂ ਦੀ ਡੇਉੜ੍ਹੀ ਉਸਾਰਨੀ ਪੈਂਦੀ ਹੈ। ਕੌਣ ਕਹਿ ਸਕਦਾ ਹੈ ਕਿ ਇਹ ਕੰਮ ਸੌਖਾ ਹੈ ਜਾਂ ਲੋੜੀਂਦਾ ਨਹੀਂ?
ਪਿਆਰ ਦੇ ਮਾਮਲੇ ਵਿਚ ਤਾਂ ਵਿਹਲੀਆਂ ਗੱਲਾਂ ਇਕ ਖ਼ਾਸ ਮਹਾਨਤਾ ਰੱਖਦੀਆਂ ਹਨ। ਇਹ ਪ੍ਰੇਮੀਆਂ ਦੀ ਰੂਹ ਦੀ ਖੁਰਾਕ ਹਨ। ਹਰ ਇਕ ਪ੍ਰੇਮੀ ਏਹੋ

੧੩੪