ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/131

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਮ੍ਹਣਿਉਂ ਮੱਥੇ ਤੇ ਘੂਰੀ ਪਾਉਂਦੇ ਜਾਂ ਮੁੱਛਾਂ ਨੂੰ ਤਾਅ ਦੇਂਦੇ ਲੰਘ ਜਾਂਦੇ ਹਨ। ਫ਼ਾਰਸੀ ਦੇ ਅਖਾਣ ਮੂਜਬ, ਜਦ ਤੋੜੀ ਓਹ ਮੂੰਹ ਖੋਲ੍ਹ ਕੇ ਗੱਲ ਨਹੀਂ ਕਰਦੇ, ਤਦ ਤੋੜੀ ਉਨ੍ਹਾਂ ਅੰਦਰ ਗੁਣ ਔਗੁਣ ਛੁਪੇ ਰਹਿੰਦੇ ਹਨ।

ਜੇ ਉਨ੍ਹਾਂ ਅੰਦਰ ਗੁਣ ਹੋਣ ਭੀ, ਤਾਂ ਭੀ ਜ਼ਰੂਰੀ ਨਹੀਂ ਕਿ ਉਹ ਦਸ ਸਕਣ। ਕਿਉਂਕਿ ਗੱਲਬਾਤ ਕਰਨ ਦਾ ਵੱਲ ਹਰ ਇਕ ਨੂੰ ਨਹੀਂ ਆਉਂਦਾ। ਆਮ ਲੋਕੀ ਤਾਂ ਸੰਗਲ ਫੜ ਕੇ ਨਹਾ ਛਡਦੇ ਹਨ। ਖੁਲ੍ਹਦੀ ਤਾਰੀ ਕੋਈ ਹੀ ਲਾਉਂਦਾ ਹੈ। ਪਰ ਜਦ ਤੱਕ ਕੋਈ ਆਦਮੀ ਖੁਲ੍ਹ ਕੇ ਗੱਲ ਨਾ ਕਰੇ ਉਸ ਦੇ ਦਿਲ ਦਾ ਰੌਂ ਪਤਾ ਨਹੀਂ ਲਗ ਸਕਦਾ।

ਆਮ ਕਰਕੇ ਵੱਡਿਆਂ ਦੇ ਦਿਲ ਤਕ ਪਹੁੰਚਣਾ ਔਖਾ ਹੁੰਦਾ ਹੈ। ਲੋਕੀਂ ਕਹਿੰਦੇ ਹਨ ਕਿ ਬੋਲੀ ਅੰਦਰ ਦਾ ਭਾਵ ਜ਼ਾਹਰ ਕਰਨ ਵਾਸਤੇ ਬਣੀ ਹੈ (ਵਿਆਕਰਣ ਦੇ ਮੁੱਢਲੇ ਭਾਗ ਵਿਚ ਇਉਂ ਹੀ ਪੜ੍ਹੀਦਾ ਹੈ), ਪਰ ਅਸਲ ਵਿਚ ਜੋ ਗੱਲ ਦੇਖੀ ਜਾਂਦੀ ਹੈ ਉਹ ਇਹ ਹੈ ਕਿ ਅੱਜਕਲ ਬੋਲੀ ਬਹੁਤ ਕਰਕੇ ਦਿਲ ਦੇ ਭਾਵ ਨੂੰ ਲੁਕਾਣ ਲਈ ਵਰਤੀ ਜਾਂਦੀ ਹੈ। ਵੱਡਿਆਂ ਦੇ ਚਿਹਰੇ ਨੂੰ ਦੇਖ ਕੇ ਹੀ ਅਨੁਮਾਨ ਲਾਉਣਾ ਔਖਾ ਹੁੰਦਾ ਹੈ। ਚਿਹਰਾ ਕੀ ਹੁੰਦਾ ਹੈ ਦਿਲ ਦੇ ਬੂਹੇ ਤੇ ਪਿਆ ਇਕ ਪਰਦਾ, ਜਿਸ ਦੇ ਰੰਗ ਬਰੰਗੇ ਚਿੱਤਰਾਂ ਤੋਂ ਅੰਦਰ ਦਾ ਅਸਲੀ ਹਾਲ ਲੱਭਣਾ ਔਖਾ ਹੁੰਦਾ ਹੈ। ਇਹੋ ਜਿਹੇ ਆਦਮੀ ਦੀ ਹਰ ਗੱਲ, ਹੋਰ ਹਰਕਤ, ਰਸਮੀ ਹੋਵੇਗੀ। ਜੇ ਕਿਤੇ ਉਹ ਆਪਣੇ ਅਸਲੀ ਰੂਪ ਵਿਚ ਦੇਖਿਆ ਜਾ ਸਕਦਾ ਹੈ ਤਾਂ ਕੇਵਲ ਉਸ ਵੇਲੇ ਜਦ ਉਹ ਆਪਣੇ ਦੋ ਚਰ ਮਿੱਤਰਾਂ ਨਾਲ ਅੰਦਰਖ਼ਾਨੇ ਬਹਿ ਕੇ ਵਿਹਲੀਆਂ ਗੱਪਾਂ ਮਾਰ ਰਿਹਾ ਹੁੰਦਾ ਹੈ। ਉਸ ਵੇਲੇ ਉਸ ਦੇ ਮੂੰਹ ਤੋਂ, ਦਿਲ ਤੋਂ, ਬੋਲੀ ਤੋਂ ਪਰਦਾ ਲਹਿ ਗਿਆ ਹੁੰਦਾ ਹੈ ਤੇ ਉਹ ਪਲ ਛਿਨ ਲਈ ਆਪਣੇ ਆਪ ਨੂੰ ਹਉ ਬਹੂ ਕਰ ਰਿਹਾ ਹੁੰਦਾ ਹੈ।

ਇਸ ਪੈਂਤੜੇ ਤੋਂ ਦੇਖੀਏ ਤਾਂ ਵਿਹਲੀਆਂ ਗੱਪਾਂ ਲੈਕਚਰਾਂ ਤੇ ਉਪਦੇਸ਼ਾਂ ਕੋਲੋਂ ਵਧੇਰੋ ਨਰੋਲ ਤੇ ਸਚ-ਪਰਖਾਊ ਹੁੰਦੀਆਂ ਹਨ, ਕਿਉਂਕਿ ਲੈਕਚਰ, ਕਥਾ ਜਾਂ ਬਹਿਸ ਕਰਨ ਵਾਲਾ ਆਦਮੀ ਇਕ ਰਸਮੀ ਚੋਗਾ ਆਪਣੇ ਮਨ ਤੇ ਬੋਲੀ ਉਤੇ ਪਾ ਲੈਂਦਾ ਹੈ, ਜਿਸ ਦੇ ਹੇਠਾਂ ਉਸ ਦਾ ਆਪਣਾ ਅਸਲਾ ਛੁਪਿਆ ਰਹਿੰਦਾ ਹੈ। ਪਰ ਓਹੀ ਆਦਮੀ ਜਦ ਨਵੇਕਲਾ ਬਹਿ ਕੇ ਕਿਸੇ ਨਾਲ ਖੁਲ੍ਹੀਆਂ

੧੨੯