ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/13

ਇਹ ਸਫ਼ਾ ਪ੍ਰਮਾਣਿਤ ਹੈ

"ਇਹੁ ਮਨੁ ਕਰਮਾ ਇਹੁ ਮਨੁ ਧਰਮਾ। ਇਹੁ ਮਨੁ ਪੰਚ ਤਤੁ ਤੇ ਜਨਮਾ"(ਆਸਾ ਮਃ ੧)। ਇਸ ਨੂੰ "ਪੰਚਭੁ-ਆਤਮਾ" ਭੀ ਕਿਹਾ ਹੈ।

ਮਨੁੱਖ ਦੇ ਆਚਰਣ ਬਾਬਤ ਭੀ ਇਵੇਂ ਹੀ ਵੰਡ ਕੀਤੀ ਹੁੰਦੀ ਸੀ। ਚੰਗਿਆਂ ਵਿਚ ਕੋਈ ਹੁਕਮ ਨਹੀਂ ਮੰਨਦੇ ਤੇ ਮੰਦਿਆਂ ਵਿਚ ਕੋਈ ਚੰਗਿਆਈ ਨਹੀਂ ਸੀ ਦੇਖਦੇ। ਇਹ ਨਹੀਂ ਸੀ ਪਤਾ ਕਿ ਚੰਗਾ ਆਦਮੀ ਮਨੁੱਖ ਹੋਣ ਕਰਕੇ ਜ਼ਰੂਰ ਕਿਧਰੇ ਨਾ ਕਿਧਰੇ ਭੁਲ ਕਰ ਹੀ ਬੈਠਦਾ ਹੈ, ਅਤੇ ਮੰਦਾ ਆਦਮੀ ਭਾਵੇਂ ਕਿੰਨਾ ਮੰਦਾ ਹੋਵੇ, ਉਸਦੇ ਅੰਦਰ ਨੇਕੀ ਦੀ ਅੰਸ਼ ਜ਼ਰੂਰ ਬਾਕੀ ਹੁੰਦੀ ਹੈ, ਕਿਉਂਕਿ ਉਹ ਚੰਗੇ ਰੱਬ ਦਾ ਬਣਾਇਆ ਹੋਇਆ ਹੈ, ਸ਼ੈਤਾਨ ਦਾ ਨਹੀਂ। ਉਹ 'ਰਾਮ ਦੀ ਅੰਸ਼ ਹੋਣ ਕਰਕੇ ਜ਼ਰੂਰ ਨੇਕੀ ਦੇ ਭਾਵ ਰਖਦਾ ਹੈ। ਚੋਰ ਤੇ ਡਾਕੂ ਵੀ, ਜੋ ਕਿਸੇ ਨਾਲ ਧੋਖਾ ਕਰਨ ਦੇ ਆਹਰ ਵਿਚ ਹੈ, ਆਪਣੇ ਪੁੱਤਰ ਨੂੰ ਪਿਆਰ ਕਰਦਾ ਹੈ; ਅਤੇ ਉਸ ਦੇ ਦਿਲ ਅੰਦਰ ਆਪਣੇ ਪੁੱਤਰ ਲਈ ਕੁਰਬਾਨੀ ਦਾ ਭਾਵ ਮੌਜੂਦ ਹੈ। ਇਹੋ ਕੁਰਬਾਨੀ ਤੇ ਪਿਆਰ ਦਾ ਭਾਵ ਉਸ ਦੇ ਦਿਲ ਦੀਆਂ ਡੂੰਘਾਈਆਂ ਵਿਚ ਕੰਮ ਕਰਦਾ ਕਿਸੇ ਵੇਲੇ ਬਾਹਰ ਭੀ ਆ ਨਿਕਲਦਾ ਅਤੇ ਉਪਕਾਰ ਦੀ ਸ਼ਕਲ ਫੜ ਲੈਂਦਾ ਹੈ। ਜ਼ਿੰਦਗੀ ਇਕ ਰਲ-ਮਿਲਵੀਂ ਖੇਡ ਹੈ। ਇਸ ਵਿਚ ਮੰਦੇ ਦੀ ਪਛਾਣ ਇਤਨੀ ਸੌਖੀ ਤੇ ਸਪੱਸ਼ਟ ਨਹੀਂ, ਜਿਤਨੀ ਕਿ ਲੋਕੀਂ ਸਮਝਦੇ ਸਨ। ਨਵੇਂ ਜ਼ਮਾਨੇ ਦਾ ਖਾਸਾ ਹੀ ਇਹ ਹੈ ਕਿ ਮਨੁੱਖੀ ਆਚਰਣ ਦੀਆਂ ਔਕੜਾਂ ਤੇ ਗੁੰਝਲਾਂ ਨੂੰ ਸਮਝ ਕੇ ਵਰਤੋਂ ਕੀਤੀ ਜਾਵੇ, ਤੇ ਛੇਤੀ ਛੇਤੀ ਫਤਵੇ ਲਾਣ ਤੋਂ ਸੰਕੋਚ ਕੀਤੀ ਜਾਵੇ।

ਇਸ ਨਵੇਂ ਜ਼ਮਾਨੇ ਦੀ ਵੰਡ ਤੋਂ ਵੱਡੀ ਲੱਭਤ ਮਨੁੱਖਤਾ ਦੀ ਕਦਰ ਹੈ। ਅੱਗੇ ਸੰਸਾਰ ਵਿਚ ਵਡਿਆਈ ਕਰਾਮਾਤੀ ਪੁਰਸ਼ਾਂ ਜਾਂ ਅਵਤਾਰਾਂ ਦੀ ਹੁੰਦੀ ਸੀ। ਜਿਹੜਾ ਮਨੁੱਖ ਵੀ ਕਿਸੇ ਵੱਡੇ ਕੰਮ ਲਈ ਉੱਘਾ ਹੁੰਦਾ, ਓਸ ਨੂੰ ਲੋਕ ਮਨੁੱਖਤਾ ਦੇ ਦਰਜੇ ਤੋਂ ਉਚਿਆ ਕੇ ਅਵਤਾਰ ਜਾਂ ਸਾਖਿਆਤ ਰੱਬ ਮੰਨਣ ਲਗ ਪੈਂਦੇ ਸਨ। ਮਨੁੱਖ ਨੂੰ ਮਨੁੱਖ ਦੇ ਤੌਰ ਤੇ ਉੱਚਾ ਨਹੀਂ ਸਨ ਮੰਨਦੇ। ਇਤਿਹਾਸ ਵਿਚ ਕਈ ਮਿਸਾਲਾਂ ਮਿਲਦੀਆਂ ਹਨ ਜਿਨ੍ਹਾਂ ਤੋਂ ਇਹ ਮਾਲੂਮ ਹੁੰਦਾ ਹੈ ਕਿ ਕਈ ਨੀਚ ਜਾਤਿ ਦੇ ਲੋਕ ਭੀ ਉੱਚੇ ਮੰਨੇ ਗਏ। ਭੀਲਣੀ ਦੇ ਜੂਠੇ ਬੇਰ ਸ੍ਰੀ ਰਾਮ ਚੰਦਰ ਨੇ ਖਾਧੇ। ਕਬੀਰ ਜੁਲਾਹਿਆ; ਨਾਮਦੇਵ ਛੀਂਬਾ, ਰਵਿਦਾਸ ਚਮਾਰ ਆਦਿ:

੧੧