ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/127

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧਰਮੀ ਨਹੀਂ ਜੋ ਹੋਰਨਾਂ ਦੇ ਮਜ਼੍ਹਬਾਂ ਉਤੇ ਹਮਲੇ ਕਰਦਾ ਹੈ, ਜਾਂ ਇਹ ਕਹਿੰਦਾ ਹੈ ਕਿ ਮੇਰਾ ਮਜ਼੍ਹਬ ਹੀ ਤਾਰਨ ਜੋਗਾ ਹੈ, ਕਿਸੇ ਹੋਰ ਦਾ ਨਹੀਂ। ਸ਼ਰਾਫਤ ਇਸ ਗੱਲ ਦੀ ਮੰਗ ਕਰਦੀ ਹੈ ਕਿ ਮਨੁੱਖ ਮਜ਼੍ਹਬੀ ਮਾਮਲਿਆਂ ਵਿਚ ਪੂਰੀ ਪੂਰੀ ਰਵਾਦਾਰੀ ਵਰਤੇ। ਇਹ ਰਵਾਦਾਰੀ ਨਿਭ ਨਹੀਂ ਸਕਦੀ ਜਦ ਤਕ ਕਿ ਕੋਈ ਧਿਰ ਇਹ ਯਕੀਨ ਨਹੀਂ ਕਰਦੀ ਕਿ ਸਾਰੀ ਸਚਾਈ ਉਸ ਦੇ ਧਰਮ ਵਿਚ ਆਈ ਹੈ ਤੇ ਹੋਰ ਸਭ ਕੁਫ਼ਰ ਦਾ ਘਰ ਹਨ। ਸਾਊ ਦਾ ਨਿਸਚਾ ਇਹ ਹੈ ਵਾਹਿਗੁਰੂ ਦੇ ਹਜ਼ੂਰ ਹਿੰਦੂ ਮੁਸਲਮਾਨ ਈਸਾਈ ਸਭ ਇਕੋ ਜਿਹੇ ਹਨ। ਉਥੇ ਨਿਬੇੜਾ ਇਸ ਗੱਲ ਉਤੇ ਨਹੀਂ ਹੋਣਾ ਕਿ ਅਮੁਕਾ ਆਦਮੀ ਸਿੱਖ ਸੀ ਜਾਂ ਮੁਸਲਮਾਨ, (ਕਿਉਂਕਿ "ਅਗੋ ਜੀਉ ਨਵੇਂ" ਹੋ ਕੇ ਰੱਬ ਦੇ ਹਜ਼ੂਰ ਖੜੇ ਹੋਣਾ ਹੈ।) ਬਲਕਿ ਇਸ ਉਤੇ ਹੋਣਾ ਹੈ ਕਿ ਮਨੁੱਖ ਵਿਚ ਚੰਗਿਆਈ ਕਿਤਨੀ ਸੀ ਅਤੇ ਉਸ ਦਾ ਦਿਲ ਰੱਬ ਦੇ ਨੇੜੇ ਕਿੰਨਾ ਕੁ ਸੀ। ਨੇਕੀ ਤੇ ਪਿਆਰ ਗ੍ਰਹਿਣ ਕਰਨ ਲਈ ਅਤੇ ਆਪਣੀ ਸ਼ਖ਼ਸੀਅਤ ਢਾਲਣ ਲਈ ਇਸ ਨਮੂਨੇ ਦੀ ਸ਼ਖ਼ਸੀਅਤ ਨੂੰ ਸਾਮ੍ਹਣੇ ਰਖਣਾ ਪੈਂਦਾ ਹੈ, ਪਰ ਇਸਦਾ ਇਹ ਅਰਥ ਨਹੀਂ ਕਿ ਜਿਸ ਕਿਸੇ ਨੇ ਈਸ਼ਾ ਦੇ ਸਾਂਚੇ ਵਿਚ ਜ਼ਿੰਦਗੀ ਢਾਲਣੀ ਹੈ, ਉਹ ਇਹ ਮੰਨ ਲਵੇ ਕਿ ਕਿਸੇ ਹੋਰ ਲਈ ਏਹ ਕੰਮ ਗੁਰੂ ਗੋਬਿੰਦ ਸਿੰਘ ਜੀ ਦਾ ਜਾਂ ਮੁਹੰਮਦ ਸਾਹਿਬ ਦਾ ਸਾਂਚਾ ਨਹੀਂ ਕਰ ਸਕਦਾ। ਪੂਰੀ ਪੂਰੀ ਰਵਾਦਾਰੀ ਲਈ ਇਹ ਮਨੌਤ ਜ਼ਰੂਰੀ ਹੈ ਕਿ ਆਪੋ ਆਪਣੀ ਥਾਂ ਸਾਰੇ ਧਰਮ ਮਨੁੱਖ ਨੂੰ ਪੂਰਣਤਾ ਦੇ ਸਕਦੇ ਹਨ।

ਜੇ ਇਹ ਖ਼ਿਆਲ ਮੰਨ ਲਈਏ ਤਾਂ ਅੱਜਕੱਲ ਦੀਆਂ ਆਮ ਮਿਸ਼ਨਰੀ ਮੁਹਿੰਮਾਂ ਸਾਊਪਣੇ ਦੇ ਮਿਆਰ ਤੇ ਪੂਰੀਆਂ ਨਹੀਂ ਉਤਰਦੀਆਂ। ਹਰ ਇਕ ਆਦਮੀ ਨੂੰ ਇਹ ਖੁਲ੍ਹ ਹੋਣੀ ਚਾਹੀਦੀ ਹੈ ਕਿ ਉਹ ਕੋਈ ਧਰਮ ਧਾਰਨ ਕਰ ਲਵੇ ਅਤੇ ਉਸ ਦੇ ਇਸ ਕੰਮ ਵਿਚ ਸਰੇ ਬਣੇ ਸਾਨੂੰ ਹਰ ਤਰ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ, ਪਰ ਇਸ ਕੰਮ ਵਿਚ ਨਿਰੀ ਗਿਣਤੀ ਵਧਾ ਕੇ ਪੁੰਨ ਖਟਣ ਦਾ ਖਿਆਲ ਜਾਂ ਜਿੱਤ ਪ੍ਰਾਪਤ ਕਰਨ ਦਾ ਭਾਵ ਚੰਗਾ ਨਹੀਂ। ਇਹ ਇਕ ਪੁਰਾਣਾ ਸ਼ਹਿਨਸ਼ਾਨੀਅਤ ਵਾਲਾ ਖਿਆਲ ਹੈ, ਜੋ ਜਿਵੇਂ ਮੁਲਕੀ ਮਾਮਲਿਆਂ ਵਿਚੋਂ ਦੂਰ ਹੋ ਰਿਹਾ ਹੈ ਤਿਵੇਂ ਧਰਮ ਦੇ ਦਾਇਰੇ ਵਿਚੋਂ ਵੀ ਦੂਰ ਹੋ ਜਾਏਗਾ। ਸੇਵਾ ਜਾਂ ਉਪਕਾਰ ਦੇ ਇਰਾਦੇ ਨਾਲ ਸਕੂਲ ਜਾਂ ਹਸਪਤਾਲ ਖੋਲ੍ਹਣੇ ਚੰਗੇ ਹਨ ਪਰ ਉਨ੍ਹਾਂ ਦੇ ਪਰਦੇ ਹੇਠ ਦੂਜਿਆਂ ਦੇ ਦਿਲਾਂ ਉਤੇ ਮਜ਼੍ਹਬੀ ਗ਼ਲਬਾ ਪਾਉਣ ਦਾ ਜਤਨ ਕਰਨਾ ਨਾ ਸਿਰਫ਼ ਅਸਾਊਪਣਾ ਹੈ ਬਲਕਿ ਪਾਪ ਹੈ। ਇਕ ਸਿੱਖ ਦਾ ਕਿਸੇ ਚੰਗੇ ਭਲੇ ਗੈਰ-ਸਿੱਖ ਭਰਾ ਨੂੰ ਗਰੀਬੀ ਵਿਚ ਤਕ

੧੨੫.