ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/125

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸੇ ਤਰ੍ਹਾਂ ਇਕ ਵੇਰ ਲੋਕੀਂ ਇਕ ਤੀਵੀਂ ਨੂੰ ਬਦਕਾਰੀ ਕਰਦਿਆਂ ਫੜ ਕੇ ਈਸਾ ਜੀ ਪਾਸ ਲਿਆਏ। ਈਸਾ ਜੀ ਨੇ ਲੋਕਾਂ ਨੂੰ ਤਾਂ ਆਪਣੀ ਨੇਕੀ ਦੀ ਹੈਂਕੜ ਉਤੇ ਸ਼ਰਮਿੰਦਾ ਕਰ ਕੇ ਤੋਰ ਦਿੱਤਾ, ਪਰ ਤੀਵੀਂ ਉਥੇ ਹੀ ਜ਼ਿਮੀਂ ਤੇ ਬੈਠੀ ਰਹਿ ਗਈ। ਉਹ ਨਜ਼ਾਰਾ ਬੜਾ ਦਰਦਨਾਕ ਹੈ। ਇਕ ਪਾਸੇ ਪਾਪ ਤੋਂ ਸ਼ਰਮ ਖਾਂਦੀ ਇਸਤਰੀ ਬੈਠੀ ਹੋਈ ਜ਼ਿਮੀਂ ਖੇਤਰ ਰਹੀ ਹੈ। ਦੂਜੇ ਪਾਸੇ ਉਸ ਕੋਲੋਂ ਵੀ ਵਧੀਕ ਲੱਜਾਵਾਨ ਹੋਇਆ ਈ ਬੈਠਾ ਰੇਤ ਉਤੇ ਲੀਕਾਂ ਵਾਹ ਰਿਹਾ ਹੈ ਤੇ ਅੱਖ ਚੁੱਕ ਕੇ ਵੀ ਉਸ ਵੱਲ ਨਹੀਂ ਵੇਖਦਾ, ਮਤਾ ਵਿਚਾਰੀ ਨੂੰ ਮੇਰੇ ਵਲੋਂ ਲੱਜਾ ਆਵੇ! ਅੰਤ ਈਸਾ ਨੇ ਤਰਸ ਤੇ ਪਿਆਰ ਦੇ ਜ਼ੋਰ ਨਾਲ ਕਿਹਾ, "ਬੀਬੀ! ਜਾਹ ਇਉਂ ਫੇਰ ਨਾ ਕਰੀਂ।"

ਸਾਊ ਆਦਮੀ ਕਿਸੇ ਦੀ ਭੁੱਲ ਦੇਖ ਕੇ ਆਪਣੇ ਨਿਰਦੋਸ਼ਪੁਣੇ ਦੀ ਆਕੜ ਵਿਚ ਘ੍ਰਿਣਾ ਨਹੀਂ ਕਰਦਾ, ਸਗੋਂ ਉਸ ਦੇ ਅੰਦਰ ਫੜ ਕੇ ਉਸ ਦੀਆਂ ਮਜ਼ਬੂਰੀਆਂ, ਸਮਾਜ, ਘਰ ਬਾਰ ਤੇ ਆਲੇ-ਦੁਆਲੇ ਦੀਆਂ ਕਮਜ਼ੋਰੀਆਂ ਅਤੇ ਮੌਕਿਆਂ ਉਤੇ ਵਿਚਾਰ ਕਰ ਕੇ ਦੋਸ਼ੀ ਨਾਲ ਹਮਦਰਦੀ ਕਰਦਾ ਹੈ ਤੇ ਉਸ ਨੂੰ ਭੁੱਲ ਵਿਚੋਂ ਕੱਢਣ ਦੇ ਆਹਰ ਲਗਦਾ ਹੈ। ਉਸ ਵਿਚ ਕਿਸੇ ਨੂੰ ਆਪਣੇ ਆਪ ਤੋਂ ਨੀਵਾਂ ਸਮਝਣ ਦੀ ਰੁੱਚੀ ਤੇ ਸ਼ਰਮਿੰਦਾ ਕਰਨ ਦੀ ਵਿਹਲ ਨਹੀਂ ਹੁੰਦੀ।

ਉਹ ਨੁਕਸ ਉਸੇ ਆਦਮੀ ਦੇ ਕੱਢਦਾ ਹੈ ਜਿਸ ਨੂੰ ਉਹ ਆਪ ਪਿਆਰ ਕਰਦਾ ਹੈ ਤੇ ਨੁਕਸਾਂ ਤੋਂ ਬਰੀ ਦੇਖਣਾ ਚਾਹੁੰਦਾ ਹੈ। ਨੁਕਸ ਭੀ ਓਹੀ ਦੱਸਦਾ ਹੈ। ਜਿਹੜੇ ਦੂਰ ਹੋ ਸਕਦੇ ਹੋਣ। ਉਹ ਕਿਸੇ ਦੇ ਕੁਦਰਤੀ ਘਾਟਿਆਂ ਜਾਂ ਦੋਸ਼ਾਂ ਵੱਲ ਇਸ਼ਾਰਾ ਨਹੀਂ ਕਰਦਾ। ਮਸਲਨ ਉਹ, ਅੰਨ੍ਹੇ ਜਾਂ ਲੂਲ੍ਹੇ ਨੂੰ ਦੇਖ ਕੇ ਉਸ ਦਾ ਉਸ ਦੀ ਸਰੀਰਕ ਹਾਲਤ ਉਤੇ ਮਖੌਲ ਨਹੀਂ ਕਰਦਾ, ਕਿਉਂਕਿ ਉਹ ਜਾਣਦਾ ਹੈ ਕਿ ਉਸ ਦੇ ਵੱਸ ਦੀ ਗੱਲ ਨਹੀਂ। ਕਿਸੇ ਦੀ ਗਰੀਬੀ ਨੂੰ ਭੀ ਆਪਣੀ ਟਿਚਕਰ ਦਾ ਨਿਸ਼ਾਨਾ ਨਹੀਂ ਬਣਾਉਂਦਾ।

ਉਪਕਾਰ ਕਰਨ ਵੇਲੇ ਦਿਖਾਵਾ ਨਹੀਂ ਕਰਦਾ। ਉਹ ਖ਼ਿਆਲ ਰੱਖਦਾ ਹੈ ਕਿ ਜਿਸ ਨਾਲ ਭਲਾ ਕਰਨ ਲੱਗਾ ਹਾਂ ਉਸ ਦੇ ਮਨ ਨੂੰ ਟੀਸ ਨਾ ਲੱਗੇ, ਉਸ ਨੂੰ ਆਪਣੀ ਗਰੀਬੀ ਜਾਂ ਅਸਮਰਥਾ ਉਤੇ ਲੱਜਾ ਨਾ ਆਵੇ, ਅਸੀਂ ਕਈ ਵਾਰੀ ਦਾਨ ਲੱਗਿਆਂ ਨਾ ਕੇਵਲ ਆਪਣੀ ਉਦਾਰਤਾ ਦਾ ਵਿਖਾਵਾ ਹੀ ਕਰਦੇ ਹਾਂ, ਸਗੋਂ ਜਿਸ

੧੨੩