ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/120

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਂ ਬੀਮਾਰੀ ਨਾਲ ਤੜਫ ਰਿਹਾ ਹੋਵੇ, ਪਰ ਬਾਬੂ ਹੋਰੀਂ ਉਸ ਨਾਲ ਣਗੇ ਭੀ ਨਹੀਂ ਕਿਉਂਕਿ ਉਸ ਨਾਲ ਜਾਣ-ਪਛਾਣ ਨਹੀਂ ਕਰਾਈ ਗਈ। ਮਿੱਟੀ ਵਿਚ ਰੁਲਦੇ ਫਟੜ ਨੂੰ ਮੋਢੇ ਤੇ ਚੁਕ ਕੇ ਹਸਪਤਾਲ ਪੁਚਾਣ ਲਈ ਕੋਈ ਮੈਲੇ ਕਪੜਿਆਂ ਵਾਲਾ ਮਜ਼ਦੂਰ ਨਿਤਰ ਪਵੇ ਤਾਂ ਨਿਤਰੇ, ਪਰ ਇਹ ਕੰਮ ਬੂਟ ਸੂਟ ਪਹਿਨੇ ਹੋਏ ਜੈਂਟਲਮੈਨ ਕੋਲੋਂ ਨਹੀਂ ਹੋਣਾ, ਕਿਉਂਕਿ ਇਉਂ ਕਰਨ ਨਾਲ ਉਸ ਦੀ ਪੈਂਟ ਦੀ ਭਾਨ ਵਿੰਗੀ ਹੋ ਜਾਂਦੀ ਹੈ, ਜਾਂ ਕੋਟ ਦੀ ਤਹਿ ਭਜ ਜਾਂਦੀ ਹੈ। ਲੋਕੀਂ ਵਡਿਆਈ ਇਸ ਵਿਚ ਸਮਝਦੇ ਹਨ ਕਿ ਮੂੰਹ ਵਟ ਕੇ ਮੱਥੇ ਤੇ ਤਿਊੜੀ ਪਾਈ ਰਖਣਾ, ਨਾ ਕਿਸੇ ਨਾਲ ਖੁਲ੍ਹ ਕੇ ਬੋਲਣਾ ਨਾ ਹਸਣਾ। ਅੱਜਕੱਲ ਅਫ਼ਸਰੀ ਦਾ ਅਹੁਦਾ ਇਕ ਉੱਚੀ ਪਹਾੜ ਦੀ ਟੀਸੀ ਹੈ ਜਿਸ ਉਤੇ ਨਿਰੀ ਠੰਡੀ ਸੁੰਞ ਤੇ ਇਕੱਲ ਵਰਤੀ ਰਹਿੰਦੀ ਹੈ। ਐਹੋ ਜਿਹੇ ਬਦਨਸੀਬ ਅਫਸਰ ਨੂੰ ਆਪਣੇ ਨਾਲ ਜਾਂ ਹੇਠਾਂ ਕੰਮ ਕਰਨ ਵਾਲਿਆਂ ਨਾਲ ਕੋਈ ਭਰਾਵਲੀ ਦੀ ਸਾਂਝ ਨਹੀਂ ਹੁੰਦੀ। ਉਸ ਨੂੰ ਜੀ ਕਰਦਾ ਭੀ ਹੋਵੇ ਤਾਂ ਭੀ ਹੀਆ ਨਹੀਂ ਪੈਂਦਾ ਕਿ ਆਪਣੀ ਪਦਵੀ ਦੇ ਮਾਣ ਤੋਂ ਹੇਠਾਂ ਲਹਿ ਕੇ ਕਿਸੇ ਨੂੰ ਸਾਥੀ ਸਮਝ ਕੇ ਗਲਵਕੜੀ ਪਾ ਲਵੇ ਜਾਂ ਹਾਸੇ ਨੂੰ ਹੀ ਆਪਣੇ ਹੋਠਾਂ ਤੋਂ ਬਾਹਰ ਨਿਕਲਣ ਦੇਵੇ।

ਇਕ ਫੋਕਾ ਰੋਅਬ ਦਾਅਬ ਹੈ, ਸਵੈਮਾਨਤਾ ਨਹੀਂ। ਅਸਲ ਸਵੈਮਾਨਤਾ ਬਾਹਰ ਦਿਖਾਵੇ ਵਿਚ ਨਹੀਂ ਆਉਂਦੀ। ਇਹ ਦਿਸੇ ਭੀ ਤਾਂ ਲੋਕਾਚਾਰ ਦੀ ਗੁਲਾਮੀ ਤੋਂ ਸੁਤੰਤਰਤਾ, ਸਚਾਈ, ਅਟਲ ਪਿਆਰ ਤੇ ਆਚਰਣ ਦੀ ਸਫ਼ਾਈ ਦਿੜ੍ਹਤਾ ਵਿਚ ਦਿਸਦੀ ਹੈ। ਇਸੇ ਸਵੈਮਾਨ ਦੇ ਕਾਰਨ ਗਰੀਬ ਆਦਮੀ ਆਪਣੇ ਕੱਚੇ ਕੋਠੇ ਨੂੰ ਲਿੰਬ ਪੋਚ ਕੇ ਰੱਖਦਾ, ਲੋਕਾਂ ਦੇ ਸਾਮ੍ਹਣੇ ਸੁਅੱਛ ਕਪੜੇ ਪਾ ਕੇ ਆਉਂਦਾ ਅਤੇ ਬਿਗਾਨਿਆਂ ਅੱਗੇ ਆਪਣੇ ਦੁਖੜੇ ਫੋਲਣ ਤੋਂ ਸੰਗਦਾ ਹੈ। ਐਸਾ ਸਵੈਮਾਨਤਾ ਵਾਲਾ ਆਦਮੀ ਹੁੰਗਤਾ, ਚਾਪਲੂਸੀ ਤੇ ਹੋਛੀ ਟਿਚਕਰ ਤੋਂ ਪਰੇ ਨਸਦਾ ਹੈ, ਆਪਣੇ ਗੁੱਸੇ ਨੂੰ ਕਾਬੂ ਵਿਚ ਰੱਖਕੇ ਲੋਕਾਂ ਸਾਮ੍ਹਣੇ ਝਗੜਨ ਜਾਂ ਛਿੱਬਾ ਪੈਣ ਤੋਂ ਝਕਦਾ ਹੈ, ਅਤੇ ਜੇ ਕਿਧਰੇ ਕਿਸੇ ਨਾਲ ਕਰੜਾ ਇਨਸਾਫ਼ ਵਰਤਣਾ ਪਏ, ਤਾਂ ਆਪਣੇ ਫੈਸਲੇ ਨੂੰ ਹੈਂਕੜ ਤੋਂ ਸਾਫ਼ ਕਰ ਕੇ ਸੋਹਣੇ ਤੇ ਤਰਸਵਾਨ ਲਹਿਜ਼ੇ ਵਿਚ ਜ਼ਾਹਰ ਕਰਦਾ ਹੈ।

ਸਾਊਪੁਣੇ ਦੀ ਵਰਤੋਂ ਵਿਚ ਇਕ ਹੋਰ ਔਕੜ ਜ਼ਮਾਨੇ ਦੀ ਆਪਣੀ ਪੈਦਾ ਕੀਤੀ ਹੋਈ ਹੈ। ਉਹ ਹੈ ਮਨੁੱਖਾਂ ਦੀ ਪਰਸਪਰ ਸਮਾਨਤਾ ਦਾ ਖ਼ਿਆਲ। ਇਸ ਨਵੇਂ ਖਿਆਲ ਨੇ ਜਿਥੇ ਪੁਰਾਣੀਆਂ ਗੁਲਾਮੀਆਂ ਦੂਰ ਕਰਨ ਵਿਚ ਸਹਾਇਤਾ ਕੀਤੀ ਹੈ,

੧੧੮