ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/110

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਲਾਹ ਹੋਈ ਕਿ ਰਾਮ ਬਾਗ ਵਿਚ ਬਣਾਇਆ ਜਾਵੇ। ਸਰਕਾਰ ਭੀ ਇਸ ਗੱਲ ਤੇ ਰਾਜ਼ੀ ਸੀ ਅਤੇ ਰਾਮ ਬਾਗ ਤੋਂ ਲੈ ਕੇ ਰੇਲ ਦੇ ਸਟੇਸ਼ਨ ਤੋੜੀ ਸਾਰੀ ਥਾਂ ਦੇਣ ਲਈ ਤਿਆਰ ਸੀ, ਪਰ ਇਸ ਗੱਲ ਵਿਚ ਭੀ ਕਈਆਂ ਨੇ ਹਾਨੀ ਪਾਈ ਕਿ ਸ਼ਹਿਰ ਦੇ ਨੇੜੇ ਹੋਣ ਕਰਕੇ ਮੁੰਡੇ ਵਿਗੜ ਜਾਣਗੇ। ਅੰਤ ਮਿਸਟਰ ਨਿੱਕਲ (ਸਕੱਤਰ ਮਿਉਸੀਪਲ ਕਮੇਟੀ) ਦੀ ਮਦਦ ਨਾਲ ਪਿੰਡ ਕਾਲੇ ਤੇ ਕੋਟ ਸੈਦ ਮਹਿਮੂਦ ਦੇ ਲਾਗੇ ਅੱਜ ਕਲ੍ਹ ਵਾਲੀ ਥਾਂ, ਜੋ ੧੦੦ ਏਕੜ ਦੇ ਕਰੀਬ ਹੈ, ਕੇਵਲ ਦਸ ਹਜ਼ਾਰ ਰੁਪਏ ਤੋਂ ਮੁੱਲ ਲਈ ਗਈ ਅਤੇ ਇਸ ਦੇ ਬਦਲੇ ਇਨ੍ਹਾਂ ਪਿੰਡਾਂ ਦੇ ਲੋਕਾਂ ਨਾਲ ਇਕਰਾਰ ਕੀਤਾ ਗਿਆ ਕਿ ਉਨ੍ਹਾਂ ਦੇ ਮੁੰਡਿਆਂ ਪਾਸੋਂ ਫ਼ੀਸ ਨਹੀਂ ਲਈ ਜਾਏਗੀ।

ਇਹ ਥਾਂ ਬੜੀ ਇਤਿਹਾਸਕ ਹੈ। ਗੁਰੂ ਹਰਿਗੋਬਿੰਦ ਸਾਹਿਬ ਦੇ ਵੇਲੇ ਸਿੱਖਾਂ ਦਾ ਜੋ ਪਹਿਲਾ ਜੰਗ ਮੁਗਲਾਂ ਨਾਲ ਹੋਇਆ ਸੀ ਉਹ ਇਸੇ ਥਾਂ ਹੋਇਆ ਸੀ। ਹੁਣ ਤੱਕ ਕਈ ਥਾਵਾਂ ਤੋਂ ਜਿਮੀਂ ਪੁੱਟਣ ਲੱਗਿਆਂ ਪੁਰਾਣੀਆਂ ਹੱਡੀਆਂ ਨਿਕਲੀਆਂ ਹਨ। ਕੇਹਾ ਸੋਹਣਾ ਢੋਅ ਢੁੱਕਾ ਕਿ ਸਦੀਆਂ ਮਗਰੋਂ ਉਹ ਪੰਥਕ ਰੱਖਿਆ ਦਾ ਮੈਦਾਨ ਪੰਥ ਦੀ ਵਿਦਿਅਕ ਉੱਨਤੀ ਦਾ ਮੈਦਾਨ ਆ ਬਣਿਆ ਅਤੇ ਜਿਥੇ ਸਿੱਖ ਤੇ ਮੁਸਲਮਾਨ ਕਦੀ ਇਕ ਦੂਜੇ ਦਾ ਸਿਰ ਭੰਨਣ ਲਈ ਇਕੱਠੇ ਹੋਏ ਸਨ, ਅੱਜ ਉਸੇ ਥਾਂ ਉਨ੍ਹਾਂ ਦੀ ਸੰਤਾਨ ਭਰਾਵਾਂ ਵਾਂਗ ਸਿਰ ਜੋੜ ਕੇ ਬਹਿੰਦੀ ਹੈ ਜਾਂ ਖੇਡਾਂ ਦੀਆਂ ਟੀਮਾਂ ਬਣਾ ਕੇ ਖੇਡਦੀ ਹੈ। ਪਾਕਿਸਤਾਨ ਦੇ ਬਣਨ ਤੋਂ ਪਹਿਲਾਂ ਦੀ ਗੱਲ ਹੈ।

੨੨ ਅਕਤੂਬਰ ੧੯੯੩ ਨੂੰ ਮਿਡਲ ਦੀ ਪੜ੍ਹਾਈ ਸ਼ੁਰੂ ਹੋਈ ਅਤੇ ੧੮੯੬ ਵਿਚ ਹਾਈ ਦੀ। ਉਸੇ ਸਾਲ ਐਫ. ਏ. ਦੀਆਂ ਜਮਾਤਾਂ ਖੁੱਲ੍ਹੀਆਂ। ਫਿਰ ੧੮੯੯ ਵਿਚ ਬੀ• ਏ. ਅਤੇ ੧੯੦੫ ਵਿਚ ਐਫ. ਐਸ. ਸੀ. ਅਤੇ ਬੀ. ਐਸ. ਸੀ. ਦੀਆਂ ਜਮਾਤਾਂ ਬਣੀਆਂ। ੧੯੧੬ ਤੋਂ ਐਮ. ਏ. ਤੱਕ ਪੜ੍ਹਾਈ ਹੋਣ ਲੱਗੀ।

ਉਨ੍ਹੀਵੀਂ ਸਦੀ ਦੇ ਅੰਤਲੇ ਸਾਲਾਂ ਵਿਚ ਖਾਲਸਾ ਦੀਵਾਨ ਦੇ ਮੋਢੀ ਕੁਝ ਤਾਂ ਚਲਾਣਾ ਕਰ ਗਏ ਅਤੇ ਬਾਕੀ ਦੇ ਇਧਰ ਉਧਰ ਖਿੰਡ ਪੁੰਡ ਗਏ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਦੀਵਾਨ ਦਾ ਕੰਮ ਬਹੁਤਾ ਢਿੱਲਾ ਪੈ ਗਿਆ। ਇਹਦੇ ਨਾਲ ਕਾਲਜ ਦੀ ਭੀ ਮਾਲੀ ਹਾਲਤ ਬਹੁਤ ਵਿਗੜ ਗਈ। ਇਥੋਂ ਤੱਕ ਕਿ ਮੈਕਵਰਥ ਯੰਗ (ਲਾਟ ਸਾਹਿਬ ਪੰਜਾਬ) ਨੇ ਸਲਾਹ ਦਿੱਤੀ ਕਿ ਕਾਲਜ ਦੀਆਂ ਜਮਾਤਾਂ ਤੋੜ ਦਿਓ। ਪਰ ਕਾਲਜ ਦੇ ਚੰਗੇ ਭਾਗਾਂ ਕਰਕੇ ਉਨ੍ਹੀਂ ਦਿਨੀਂ ਚੀਫ਼

੧੦੮