ਪੰਨਾ:ਨਵਾਂ ਮਾਸਟਰ.pdf/39

ਇਹ ਸਫ਼ਾ ਪ੍ਰਮਾਣਿਤ ਹੈ

ਰੰਗਲੀ ਦਾਤਣ, ਕਦੀ ਸੁਰਮਾ ਤੇ ਕਦੀ ਪੈਸੇ ਵਾਲੀ ਨੌਹਾਂ ਨੂੰ ਲਾਉਣ ਵਾਲੀ ਲਾਲ ਜਿਹੀ ਸ਼ੀਸ਼ੀ ਖਰੀਦ ਲਿਆਉਂਦਾ। ਉਹ ਸ਼ਾਨੋਂ ਨੂੰ ਹਰ ਤਰ੍ਹਾਂ ਖੁਸ਼ ਰਖਣ ਦੀ ਕੋਸ਼ਸ਼ ਕਰਦਾ। ਛਾਹ ਵੇਲੇ ਤੋਂ ਲੈ ਕੇ ਸੰਧਿਆ ਤਕ ਉਹ ਸ਼ਹਿਰ ਦੀਆਂ ਗਲੀਆਂ ਕੱਛਦਾ ਰਹਿੰਦਾ, ਜ਼ਿਆਦਾ ਤੋਂ ਜ਼ਿਆਦਾ ਪੈਸੇ ਇਕੱਠੇ ਕਰਦਾ ਅਤੇ ਫੇਰ ਸਾਰੇ ਦਿਨ ਦੀ ਕਮਾਈ ਹਸਦਿਆਂ ਹਸਦਿਆਂ ਸ਼ਾਨੋਂ ਦੇ ਹੱਥ ਤੇ ਧਰ ਦਿੰਦਾ।

ਪਿਆਰ ਪੈਸਿਆਂ ਤੋਂ ਨਹੀਂ ਮੁਲ ਵਿਕਦਾ। ਪਿਆਰ ਵਾਸਤੇ ਪਿਆਰ ਦੀ ਲੋੜ ਹੈ। ਪਿਆਰ ਸੁਹਣਪ ਨੂੰ ਵੇਖ ਕੇ ਹੀ ਉਪਜਦਾ ਹੈ, ਸੁਹਣਪ ਪੈਸੇ ਦਾ ਭਾਈ ਬੰਦ ਹੈ।

ਮਦਾਰੀ ਸ਼ਾਨੋਂ ਨੂੰ ਪਿਆਰ ਕਰਦਾ ਸੀ। ਉਹ ਗਰੀਬ ਸੀ। ਖੁਰਾਕ ਪੂਰੀ ਨਹੀਂ ਸੀ ਮਿਲਦੀ, ਉਹ ਕਮਜ਼ੋਰ ਸੀ, ਕੋਝਾ ਸੀ ਪਰ ਠੰਢੇ ਹਵਾ ਦੇ ਇਕੋ ਇਕ ਬੁਲੇ ਨਾਲ ਸਰੂਰ ਵਿਚ ਆ ਜਾਣ ਵਾਲੀ ਸ਼ਾਨੋਂ ਖ਼ੂਬਸੂਰਤੀ ਚਾਹੁੰਦੀ ਸੀ। ਉਸ ਨੂੰ ਮਦਾਰੀ ਦਾ ਵਿੰਗਿਆਂ ਟੇਢਿਆਂ ਵੱਟਾਂ ਵਾਲਾ ਚਿਹਰਾ ਵੇਖ ਕੇ ਡਰ ਲਗਦਾ ਸੀ, ਉਹ ਉਸ ਤੋਂ ਦੂਰ ਭਜ ਜਾਣਾ ਚਾਹੁੰਦੀ ਸੀ, ਉਥੇ ਜਿਥੇ ਮਦਾਰੀ ਵਰਗੇ ਕੋਝੇ ਛੱਡ ਸ਼ੇਰੂ ਵਰਗੇ ਜਵਾਨ ਗੱਜਦੇ ਹੋਣ।

ਸ਼ਾਨੋਂ ਅਜ ਤੋਂ ਛੇ ਸਾਲ ਪਹਿਲਾਂ ਮਦਾਰੀ ਨੂੰ ਛੱਡ ਕੇ ਸ਼ੇਰੂ ਨਾਲ ਤੁਰ ਗਈ ਸੀ। ਜਮੂਰਾ, ਸ਼ਾਨੋਂ ਤੇ ਮਦਾਰੀ ਦਾ ਪੁਤ, ਸੱਤਾਂ ਸਾਲਾਂ ਦਾ ਹੋ ਚੁਕਾ ਸੀ। ਮਦਾਰੀ ਦੇ ਦਿਲ ਤੇ ਕਾਰੀ ਸੱਟ ਵੱਜੀ ਅਤੇ ਉਹ ਔਰਤਾਂ ਨੂੰ ਬੁਰਾ ਜਾਨਣ ਲਗ ਪਿਆ। ਆਪਣੀ ਟੱਪਰੀ ਦੀ ਹਰ ਇਕ ਜ਼ਨਾਨੀ ਨੂੰ ਉਹ ਸ਼ੱਕ ਦੀਆਂ ਨਜ਼ਰਾਂ ਨਾਲ ਵੇਖਦਾ,

ਨਵਾਂ ਮਾਸਟਰ

੪੫.