ਪੰਨਾ:ਨਵਾਂ ਮਾਸਟਰ.pdf/26

ਇਹ ਸਫ਼ਾ ਪ੍ਰਮਾਣਿਤ ਹੈ

ਵੇਖਦਾ ਤੇ ਕਦੀ ਤਰਦੇ ਜਾ ਰਹੇ ਦੋਹਾਂ ਪ੍ਰੇਮੀਆਂ ਵਲ। ਉਸ ਦੇ ਦਿਲ ਵਿਚ ਵੀ ਦਰਿਆ ਵਾਂਗੂੰ ਨਿੱਕੀਆਂ ਲਹਿਰਾਂ ਉਠ ਰਹੀਆਂ ਸਨ। ਦਰਿਆ ਦੀਆਂ ਲਹਿਰਾਂ ਤਾਂ ਚਾਨਣੀ ਵਿਚ ਚਮਕ ਰਹੀਆਂ ਸਨ; ਪਰ ਉਸ ਦੇ ਦਿਲ ਦੀਆਂ ਲਹਿਰਾਂ ਹਨੇਰੇ ਵਿਚ ਹੀ ਸਨ। ਘੋੜੇ ਕੰਢੇ ਤੋਂ ਹਰਾ ਹਰਾ ਘਾਹ ਚੁਗਣ ਲਗ ਪਏ ਅਤੇ ਕਦੀ ਕਦੀ ਖ਼ੁਸ਼ੀ ਵਿਚ ਆਪਣੀ ਪੂਛ ਵੀ ਹਿਲਾ ਦਿੰਦੇ।

ਤਰ ਰਹੇ ਬਲੀਜ਼ ਅਤੇ ਨਾਜੋ ਵਲ ਵੇਖ ਕੇ ਸਰਦਾਰ ਦਾ ਗ਼ੁੱਸਾ ਵਧ ਗਿਆ। ਨੌਕਰ ਇਕ ਦੂਜੇ ਦੇ ਮੂੰਹ ਵਲ ਵੇਖ ਰਹੇ ਸਨ।

'ਫੜੋ।' ਉਹ ਫੇਰ ਬੋਲਿਆ 'ਨਿਮਕ ਹਰਾਮੋ!'

ਦੋਵੇਂ ਜਣੇ ਦਰਿਆ ਦੇ ਵਿਚਕਾਰ ਪਹੁੰਚ ਚੁਕੇ ਸਨ। ਪਾਣੀ ਤੇਜ਼ ਹੋਣ ਕਰ ਕੇ ਉਹ ਥੱਕ ਗਏ। ਬਲੀਜ਼ ਨੇ ਹੱਥ ਮਾਰਨਾ ਛੱਡ ਦਿਤਾ। ਉਹ ਹੁਣ ਪਾਣੀ ਦੇ ਨਾਲ ਨਾਲ ਹੀ ਜਾ ਰਹੇ ਸਨ। ਨਾਜੋ ਦੇ ਨੱਕ ਵਿਚ ਕੁਝ ਪਾਣੀ ਪੈ ਗਿਆ। ਉਸ ਦੀਆਂ ਬਾਹਾਂ ਢਿਲੀਆਂ ਪੈ ਗਈਆਂ ਅਤੇ ਬਲੀਜ਼ ਉਸ ਨਾਲੋਂ ਵੱਖ ਹੋ ਗਿਆ। ਨਾਜੋ ਨੂੰ ਇਕ ਗ਼ੋਤਾ ਆਇਆ, ਉਸ ਨੇ ਬਾਹਾਂ ਬਲੀਜ਼ ਵਲ ਵਧਾਈਆਂ, ਬਲੀਜ਼ ਨੇ ਉਸ ਨੂੰ ਫੜਨਾ ਚਾਹਿਆ, ਪਰ ਪਾਣੀ ਨੇ ਕੋਈ ਪੇਸ਼ ਨਾ ਜਾਣ ਦਿਤੀ। ਨਾਜੋ ਇਕ ਵਾਰੀ ਫੇਰ ਪਾਣੀ ਦੇ ਥਲੇ ਚਲੀ ਗਈ।

ਆਪਣੀ ਧੀ ਨੂੰ ਇਸ ਤਰ੍ਹਾਂ ਡੁਬਦਿਆਂ ਵੇਖ ਕੇ ਸਰਦਾਰ... ਕੁੜੀ ਦੇ ਪਿਤਾ ਦਾ ਗੁੱਸਾ ਠੰਢਾ ਹੋ ਗਿਆ। ਉਸਦੇ ਅੰਦਰ ਆਪਣੀ ਔਲਾਦ ਵਾਸਤੇ ਪਿਆਰ ਜਾਗਿਆ, ਉਹ ਬੋਲਿਆ, 'ਨਾਜੋ!.... ਮੇਰੀ ਬੱਚੀ! ਆ ਜਾ ਮੈਂ ਤੈਨੂੰ ਕੁਝ ਨਹੀਂ ਕਹਾਂਗਾ।' ਉਸਦਾ ਗਲ

੩੦·

ਪਿਆਰ