ਪੰਨਾ:ਨਵਾਂ ਮਾਸਟਰ.pdf/184

ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਸਵਾਲ ਨਹੀਂ ਸਾਂ ਕਢਦਾ ਤੇ ਹੁਣ ਕਢਦਾ ਸਾਂ, ਪਰ ਇਹ ਮੇਰੇ ਵਿਚ ਕਦੀ ਵੀ ਹੌਂਸਲਾ ਨਹੀਂ ਸੀ ਹੋਇਆ ਕਿ ਮੈਂ ਮੁਸ਼ਕਲ ਸਵਾਲ ਸੈਕੰਡ ਮਾਸਟਰ ਨੂੰ ਸਮਝਾਉਣ ਵਾਸਤੇ ਆਖਦਾ, ਅਤੇ ਕਿਸੇ ਡਰ ਹੇਠ ਦਬਿਆ ਹੀ ਬਹਾਨੇ ਬਣਾ ਕੇ ਔਖੇ ਸਵਾਲ ਨਾ ਕਢਣ ਕਰਕੇ ਮਾਰ ਖਾਣੀ ਪੈਂਦੀ ਸੀ। ਹੁਣ ਮੈਂ ਸੈਕੰਡ ਮਾਸਟਰ ਦੇ ਪੁਛਣ ਤੋਂ ਪਹਿਲਾਂ ਹੀ ਹਿਸਾਬ ਖੋਲ੍ਹ ਕੇ ਉਸ ਦੇ ਅਗੇ ਮੇਜ਼ ਤੇ ਰਖ ਦੇਂਦਾ ਤੇ ਕੋਈ ਮੁਸ਼ਕਲ ਸਵਾਲ ਸਮਝਾਉਣ ਵਾਸਤੇ ਆਖਦਾ, ਜੇਹੜਾ ਕਿ ਉਹ ਕਈ ਵਾਰੀ ਆਪ ਵੀ ਨਹੀਂ ਸੀ ਹਲ ਕਰ ਸਕਦਾ ਤੇ ਸਾਰਾ ਸਾਰਾ ਪੀਰੀਅਡ ਚਾਕਾਂ ਘਸਾ ਘਸਾ ਕੇ ਬੋਰਡ ਚਿੱਟਾ ਕਰਕੇ ਟੱਲੀ ਮੁਕਣ ਤੇ ਇਹ ਆਖਦਾ ਹੋਇਆ ਨਿਕਲ ਜਾਂਦਾ,-ਇਹ ਸਵਾਲ ਇਮਪਾਰਟੈਂਟ ਨਹੀਂ ਬੇਸ਼ਕ ਛਡ ਦੇਣਾ-ਤੇ ਉਸ ਦੇ ਬੂਹਿਓਂ ਬਾਹਰ ਹੁੰਦਿਆਂ ਹੀ ਅਸੀਂ ਸਾਰੇ ਇਕ ਖੁਸ਼ੀ ਦਾ ਨਾਅਰਾ ਲਾ ਦੇਂਦੇ,-ਜਲ ਤੂੰ ਜਲਾਲ ਤੂੰ, ਆਈ ਬਾਈ ਬਲਾ ਟਾਲ ਤੂੰ!

ਅਤੇ ਫਿਰ ਜਦੋਂ ਸਾਡੇ ਨਵੇਂ ਮਾਸਟਰ ਦਾ ਪੀਰੀਅਡ ਸ਼ੁਰੂ ਹੋ ਜਾਂਦਾ ਮੈਨੂੰ ਆਪਣੀ ਜਮਾਤ ਇਕ ਨਿਕਾ ਜਿਹਾ ਬਗੀਚਾ ਜਾਪਣ ਲਗ ਜਾਂਦੀ, ਜਿਸ ਵਿਚ ਰੰਗ ਬਰੰਗੀਆਂ ਪੱਗਾਂ ਵਾਲੇ ਹਸਦੇ ਤੇ ਮੁਸਕ੍ਰਾਂਦੇ ਮੁੰਡੇ ਮੈਨੂੰ ਰੰਗ ਰੰਗ ਦੇ ਫੁਲ ਜਾਪਦੇ ਜੋ ਟਾਹਣੀਆਂ ਤੇ ਠੰਡੀ ਰੁਮਕਦੀ ਪੌਣ ਨਾਲ ਝੂਮ ਰਹੇ ਹੋਣ,-ਤੇ ਨਵਾਂ ਮਾਸਟਰ, ਇਕ ਸਿਆਣੇ ਤਜਰਬਾ ਕਾਰ ਮਾਲੀ ਵਾਂਗੂੰ ਇਨ੍ਹਾਂ ਖਿੜ ਰਹੇ ਫੁਲਾਂ ਨੂੰ ਡੂੰਘੇ ਪਿਆਰ ਦੀਆਂ ਨਜ਼ਰਾਂ ਨਾਲ ਚੁੰਮਣ ਵਾਸਤੇ ਅੰਦਰ ਆ ਜਾਂਦਾ। ਫਿਰ ਮੈਂ ਮਹਿਸੂਸ ਕਰਦਾ ਦੇਸ਼ ਦੇ

ਨਵਾਂ ਮਾਸਟਰ

੨੦੩.