ਪੰਨਾ:ਨਵਾਂ ਮਾਸਟਰ.pdf/170

ਇਹ ਸਫ਼ਾ ਪ੍ਰਮਾਣਿਤ ਹੈ

ਦੇ ਸਾਹ ਦਾ ਸੰਗੀਤ ਸੁਣੀਂਦਾ ਸੀ, ਉਸ ਦੇ ਉਪਰ ਰਜ਼ਾਈ ਵੀ ਅਹਿਲ ਅਡੋਲ ਵਿਸ਼ੀ ਹੋਈ ਸੀ।
ਸਰਦਾਰਨੀ ਨੇ ਕੋਈ ਚੀਕ ਨਾ ਮਾਰੀ, ਕੋਈ ਵੈਣ ਨਾ ਅਲਾਪਿਆ। ਉਹਨੀ ਪੈਰੀਂ ਬਾਹਰ ਨਿਕਲ ਗਈ, ਜਿਵੇਂ ਉਹ ਮਰਦਾਂ ਦੀ ਮੌਤ ਵੇਖਣ ਸੁਣਨ ਦੀ ਆਦੀ ਹੋ ਚੁਕੀ ਸੀ।
ਯੋਧੇ ਜੂਝ ਚੁਕੇ ਸਨ। ਸਰਦਾਰ ਬਹਾਦਰ ਮਦਨ ਜੀਤ ਸਿੰਘ ਬਾਜੀ ਹਾਰ ਦੋਵੇਂ ਹਥ ਝਾੜ ਚਲਿਆ ਗਿਆ ਸੀ। ਪਰ ਕਹਾਣੀ ਅਜੇ ਮੁਕ ਨਹੀਂ ਸੀ ਗਈ। ਅਤੇ ਮੁਕ ਵੀ ਕਿਵੇਂ ਸਕਦੀ ਸੀ। ਇਸਤ੍ਰੀ, ਫਿਰ ਵਿਧਵਾ, ਦੀ ਕਹਾਣੀ ਅਨਾਦੀ ਅਨੰਤੀ ਹੈ।
'ਸਪ੍ਰਿੰਗ ਵਿਊ' ਦੀ ਪਤਝੜ ਮੁੜ ਬਹਾਰ ਵਿਚ ਨਾ ਬਦਲੀ। ਸ਼ਿਵਰ ਲੈਟ ਤੇ ਘੱਟਾ ਜੰਮਦਾ ਗਿਆ। ਉਹਨਾਂ ਦੀ ਧਰਤੀ ਸੂਰਜ ਦੇ ਅਲੋਪ ਹੋ ਜਾਣ ਕਰਕੇ ਅੰਨ੍ਹੇ ਪੁਲਾੜ ਵਿਚ ਡੁਬਦੀ ਹੀ ਜਾ ਰਹੀ ਸੀ। ਉਹ ਘੱਟ ਖਾਂਦੀਆਂ ਸਨ, ਘਟ ਬੋਲਦੀਆਂ ਸਨ, ਘਟ ਸੌਂਦੀਆਂ ਸਨ। ਇਸਤਰੀ, ਖੁਸ਼ੀਆਂ ਦੀ ਦਾਤੀ, ਖੇੜੇ ਨੂੰ ਤਰਸ ਗਈ ਸੀ।
...............

ਪਰ ਅਜ ਦਸ ਸਾਲ ਪਿਛੋਂ ਇਕ ਵਾਰ ਫਿਰ ਸਰਦਾਰਨੀ ਮਦਨ ਜੀਤ ਸਿੰਘ ਦਾ ਮਨ ਵਿਸਮਾਦ ਵਿਚ ਗੜੂੰਦ ਸੀ। ਇਹ ਖੁਸ਼ੀ ਬੀਤ ਚੁਕੇ ਵਿਚ ਉਸ ਨੇ ਆਪਣੇ ਵਿਆਹ ਸਮੇਂ ਮਾਣੀ ਸੀ, ਸਰਿੰਦਰ ਜੀਤ ਦੇ ਜਨਮ ਤੇ ਚੱਖੀ ਸੀ, ਧੀ ਅਤੇ ਪੁਤਰ ਦੇ ਵਿਆਹ ਵੇਲੇ ਮਨਾਈ ਸੀ।

ਨਵਾਂ ਮਾਸਟਰ

੧੮੭.