ਪੰਨਾ:ਨਵਾਂ ਮਾਸਟਰ.pdf/131

ਇਹ ਸਫ਼ਾ ਪ੍ਰਮਾਣਿਤ ਹੈ

ਭਲਾ ਉਹ ਗ਼ਰੀਬ ਮਾਸਟਰਾਂ ਦੀ ਕੀ ਪ੍ਰਵਾਹ ਕਰਦੀ ਸੀ।
ਮਾਸਟਰ ਬਾਵਾ ਸਿੰਘ ਨੇ ਇਹ ਸਭ ਕੁਝ ਵਿਚਾਰਕੇ ਟਿਊਸ਼ਨਾਂ ਕਰਕੇ ਪੈਸਾ ਕਮਾਉਣ ਦਾ ਢੰਗ ਵਰਤਿਆ। ਅਤੇ ਟਿਊਸ਼ਨਾਂ ਕਢਣ ਅਤੇ ਲਭਣ ਵਾਸਤੇ ਉਸ ਨੇ ਡੰਡਾ ਵਰਤਣਾ ਸ਼ੁਰੂ ਕੀਤਾ। ਇਸ ਕੰਮ ਨੂੰ ਹੁਣ ਉਹ ਜਾਇਜ਼ ਸਮਝਦਾ ਸੀ। ਜੀਵ ਅਤੇ ਜੰਤੁ ਜੀਊਣ ਵਾਸਤੇ ਜੰਗ ਕਰ ਰਹੇ ਹਨ। ਇਸ ਵਿਚ ਕਿਸੇ ਵੀ ਢੰਗ ਨਾਲ ਕਾਮਯਾਬੀ ਹਾਸਲ ਕਰਨਾ ਹੀ ਨੀਤੀ ਹੈ। ਟ੍ਰੇਨਿੰਗ ਕਾਲਜ ਵਿਚ ਉਸ ਨੇ ਇਹੋ ਹੀ ਤਾਂ ਸਿਖਿਆ ਸੀ। ਮੈਕਡੂਗਲ, ਜੰਗ ਐਡਲਰ ਅਤੇ ਫਰਾਇਡ ਆਦਿਕ ਵੀ ਤਾਂ ਦਸਦੇ ਸਨ ਕਿ ਮਨੁਖ ਪ੍ਰਵਿਰਤੀਆਂ ਦਾ ਗੁਲਾਮ ਹੈ। ਖਾਣ ਅਤੇ ਆਪਾ ਵਧਾਉਣ ਦੀ ਪ੍ਰਵਿਰਤੀ ਸਭ ਤੋਂ ਪ੍ਰਬਲ ਹੈ। ਇਸ ਤੋਂ ਕਿਸੇ ਤਰ੍ਹਾਂ ਵੀ ਅਜ਼ਾਦੀ ਨਹੀਂ ਪਾਈ ਜਾ ਸਕਦੀ।
ਹੁਣ ਮਾਸਟਰ ਬਾਵਾ ਸਿੰਘ ਦੇ ਡੰਡੇ ਦੇ ਮੰਤਰ ਨਾਲ ਕਾਫੀ ਪੈਸਾ ਮਿਲ ਜਾਂਦਾ ਸੀ। ਪਰ ਇਸ ਬਦਲੇ ਉਸ ਨੂੰ ਇਕ ਬੜੀ ਵਡੀ ਕੀਮਤ ਅਦਾ ਕਰਨੀ ਪਈ ਸੀ। ਇਕ ਸਕੂਲ ਵਿਚ ਪੜ੍ਹਾਉਂਦਿਆਂ ਉਸ ਨੂੰ ਵਧ ਤੋਂ ਵਧ ਇਕ ਸਾਲ ਹੀ ਲੰਘਦਾ ਕਿ ਉਸ ਨੂੰ ਉਹ ਸਕੂਲ ਛਡ ਕਿਸੇ ਹੋਰ ਜਾਣਾ ਪੈਂਦਾ।

ਇਸ ਨਵੇਂ ਬਾਰ੍ਹਵੇਂ ਸਕੂਲ ਵਿਚ ਆਇਆਂ ਉਸ ਨੂੰ ਮਹੀਨਾ ਬੀਤ ਚੁਕਾ ਸੀ। ਉਸ ਨੇ ਆਪਣਾ ਪੈਸਾ ਕਮਾਉਣ ਦਾ ਅਜ਼ਮਾਇਆ ਹੋਇਆ ਢੰਗ ਵਰਤਣਾ ਸ਼ੁਰੂ ਕਰ ਦਿਤਾ। ਵਿਦਿਆਰਥੀਆਂ ਨੂੰ ਛਾਂਟਣ ਦੇ ਨਾਲ ਨਾਲ ਉਸ ਨੇ ਨਿਤ ਵਾਂਗ

ਨਵਾਂ ਮਾਸਟਰ

੧੪੭.