ਪੰਨਾ:ਨਵਾਂ ਮਾਸਟਰ.pdf/126

ਇਹ ਸਫ਼ਾ ਪ੍ਰਮਾਣਿਤ ਹੈ

ਨਹੀਂ ਸੀ ਲਗਾ। ਨਾਵੀਂ ਜਮਾਤ ਵਾਲਿਆਂ ਨੂੰ ਇਸ ਘਾਟ ਕਰਕੇ ਇਤਨਾ ਫ਼ਿਕਰ ਨਹੀਂ ਸੀ, ਪਰ ਦਸਵੀਂ ਜਮਾਤ ਚਿੰਤਾਤਰ ਸੀ। ਉਹਨਾਂ ਦਾ ਹਾਈ ਸਕੂਲ ਵਿਚ ਇਹ ਆਖ਼ਰੀ ਸਾਲ ਸੀ, ਅਤੇ ਸਾਲ ਦੇ ਅਖ਼ੀਰ ਵਿਚ ਉਹਨਾਂ ਦੀ ਦਸਾਂ ਸਾਲਾਂ ਦੀ ਕਮਾਈ ਦਾ ਨਤੀਜਾ ਨਿਕਲ ਜਾਣਾ ਸੀ। ਉਹ ਸਾਰੇ ਸਮਝਦੇ ਸਨ ਕਿ ਹਸਾਬ ਦੀ ਪੜ੍ਹਾਈ ਦਾ ਚੰਗਾ ਪ੍ਰਬੰਧ ਨਾ ਹੋਣ ਕਰ ਕੇ ਬਹੁਤ ਸਾਰੇ ਵਿਦਿਆਰਥੀ ਫੇਲ੍ਹ ਹੋ ਜਾਣਗੇ ਅਤੇ ਸਿਆਣੇ ਵਿਦਿਆਰਥੀ ਵੀ ਮਸਾਂ ਦੂਜੇ ਅਤੇ ਤੀਜੇ ਦਰਜੇ ਵਿਚ ਹੀ ਪਾਸ ਹੋ ਸਕਣਗੇ।

ਹੈਡਮਾਸਟਰ ਨੂੰ ਵੀ ਇਹੋ ਫ਼ਿਕਰ ਸੀ। ਉਸਦੀ ਹੈਡਮਾਸਟਰੀ ਦਾ ਇਹ ਪਹਿਲਾ ਸਾਲ ਸੀ। ਸਕੂਲ ਦੀ ਪ੍ਰਬੰਧਕ ਕਮੇਟੀ ਨੂੰ ਪਹਿਲੇ ਸਾਲ ਹੀ ਜੇ ਉਹ ਦਸਵੀਂ ਜਮਾਤ ਦਾ ਚੰਗਾ ਨਤੀਜਾ ਨਾ ਵਿਖਾ ਸਕਿਆ ਤਾਂ ਸਕੂਲ ਦੀ ਬਦਨਾਮੀ ਤਾਂ ਇਕ ਪਾਸੇ ਰਹੀ ਉਸ ਨੂੰ ਨੌਕਰੀਓਂ ਜਵਾਬ ਹੋ ਜਾਣ ਦਾ ਡਰ ਸੀ। ਪਰ ਹੁਣ ਇਹ ਤੌਖਲੇ ਮਿਟ ਗਏ ਸਨ। ਮਾਸਟਰ ਬਾਵਾ ਸਿੰਘ ਨੇ ਜਮਾਤਾਂ ਨੂੰ ਸਵੇਰੇ ਅਤੇ ਸ਼ਾਮ ਵਾਧੂ ਸਮਾਂ ਦੇ ਕੇ ਸਭ ਕਸਰਾਂ ਪੂਰੀਆਂ ਕਰ ਦਿਤੀਆਂ ਸਨ। ਛੁਟੀ ਵਾਲੇ ਦਿਨ ਤਾਂ ਉਸ ਪੜ੍ਹਾਉਣਾ ਹੀ ਹੁੰਦਾ ਸੀ, ਸਗੋਂ ਉਹ ਐਤਵਾਰ ਵੀ ਜਮਾਤਾਂ ਸੱਦ ਲੈਂਦਾ ਸੀ। ਉਸ ਦੇ ਹਰ ਸਾਤੇ ਟੈਸਟ ਲੈਣ ਦੇ ਢੰਗ ਨੇ ਸਾਰੇ ਵਿਦਿਆਰਥੀਆਂ ਨੂੰ ਹਸਾਬ ਵਿਚ ਤਾਕ ਕਰ ਦਿਤਾ ਸੀ। ਹੁਣ ਵਿਦਿਆਰਥੀਆਂ ਨੂੰ ਚੰਗੇ ਨੰਬਰਾਂ ਤੋਂ ਪਾਸ ਹੋਣ ਦੀਆਂ ਆਸਾਂ ਸਨ,ਅਤੇ ਹੈਡਮਾਸਟਰ ਨੂੰ ਸਕੂਲ ਦੀ ਮਸ਼ਹੂਰੀ ਅਤੇ ਆਪਣੀ ਰੋਜ਼ੀ ਦੀ ਸਲਾਮਤੀ ਦਾ ਯਕੀਨ ਹੋ ਚੁਕਾ ਸੀ।

੧੪੨.

ਵੈਰੀ