ਪੰਨਾ:ਨਵਾਂ ਮਾਸਟਰ.pdf/102

ਇਹ ਸਫ਼ਾ ਪ੍ਰਮਾਣਿਤ ਹੈ

ਅੰਨ ਘਟ ਗਿਆ, ਵਧ ਰਹੀ ਅਬਾਦੀ ਰੋਕੋ, ਔਰਤਾਂ ਫੰਡਰ ਕਰੋ, ਮਰਦ ਖੱਸੀ ਕਰੋ, ਜੰਮਣ ਤੇ ਕੰਟਰੋਲ ਕਰੋ।" ਕਿਉਂਕਿ ਤੇਰਾ ਪੀਰ ਮਾਲਥਸ ਅਮਰੀਕਾ ਚੋਂ ਕੂਕਿਆ ਹੈ "ਜੰਗਾਂ ਜ਼ਰੂਰੀ ਹਨ, ਵਬਾਆਂ ਜ਼ਰੂਰੀ ਹਨ, ਕੁਆਰੀ ਧਰਤੀ ਵਧ ਰਹੇ ਮਨੁਖਾਂ ਨੂੰ ਦੁਧ ਨਹੀਂ ਚੁੰਘਾਂ ਸਕਦੀ, ਉਸ ਦੇ ਥਨ ਸਕ ਰਹੇ ਹਨ!" ਕਿਉਂਕਿ ਤੁਹਾਡੀ ਦਸ ਫ਼ੀ ਸਦੀ ਟੱਪਰੀ ਦਾ ਮੁਨਾਫ਼ਾ ਦਿਨੋ ਦਿਨ ਘਟ ਰਿਹਾ ਹੈ, ਅਤੇ ਤੂੰ ਇਹ ਵੀ ਵਿਸਾਰ ਚੁਕਾ ਹੈਂ-
'ਖੇਤੀ ਉਹਦੀ, ਜੀਹਦੇ ਘਰ ਦੇ ਕਾਮੇ!'
ਪਰ ਉਸ ਨੂੰ ਇੱਕ 'ਕਵਿਤਾ' ਜ਼ਰੂਰ ਯਾਦ ਹੈ, ਜੋ ਉਹ ਏਦਾਂ ਦੀਆਂ ਖ਼ਬਰਾਂ ਪੜ੍ਹ ਕੇ ਬਿੰਡੇ ਵਾਲੀ ਭੜਾਂਦੀ ਆਵਾਜ਼ ਨਾਲ ਗੁਣ ਗੁਣਾਇਆ ਕਰਦਾ ਹੈ। ਉਹ ਇੱਕ ਵਾਰ ਕਿਲੇ ਦੀ ਰੇਡ ਦੇ ਬਾਹਰ ਫੌਜੀ ਮੇਲਾ ਵੇਖਣ ਗਿਆ ਸੀ, ਉਥੇ ਪੇਂਡੂ ਕਾਮਿਆਂ ਦੇ ਝੁਰਮੁਟ ਵਿਚ ਇੱਕ ਚਿੱਬ-ਖੜਿੱਬੇ ਮੂੰਹ ਵਾਲਾ ਕਾਲਾ ਧੂਤ ਬੁਰਛਾ ਭਰਤੀ ਵਾਲਾ ਅਫ਼ਸਰ ਪਾਟੇ ਢੋਲ ਵਰਗੀ ਆਵਾਜ਼ ਵਿਚ ਭੌਂਕ ਰਿਹਾ ਸੀ-

ਭਰਤੀ ਹੋ ਜਾਓ-
ਇਥੇ ਮਿਲਦੀ ਟੁੱਟੀ ਜੁੱਤੀ,
ਉਥੇ ਮਿਲਣਗੇ ਬੂਟ।
ਭਰਤੀ ਹੋ ਜਾਓ ਜੀ-
ਇਥੇ ਮਿਲਦੇ ਪਾਟੇ ਕਪੜੇ
ਉਥੇ ਮਿਲਣਗੇ ਸੂਟ।
ਭਰਤੀ ਹੋ ਜਾਓ ਜੀ-

ਨਵੇਂ ਮਾਸਟਰ

੧੧੫.