ਇਹ ਸਫ਼ਾ ਪ੍ਰਮਾਣਿਤ ਹੈ

ਪੁਜਾਰੀ ਨੂੰ.

ਬਾਬਾ! ਤੇਰੀ ਢਹਿਣ ਲੱਗੀ ਊ ਅਟਾਰੀ।

੧.ਪਿੱਲੀਆਂ ਇੱਟਾਂ, ਰੇਤਲਾ ਗਾਰਾ,
ਥਰਡ ਕਲਾਸ ਮਸਾਲਾ ਸਾਰਾ,
ਹੇਠੋਂ ਕੱਲ ਚੜ੍ਹਦਾ ਆਵੇ,
ਭੁਰ ਭੁਰ ਪਏ ਉਸਾਰੀ।

ਬਾਬਾ! ਤੇਰੀ ਢਹਿਣ ਲੱਗੀ ਊ ਅਟਾਰੀ।


੨.ਬੜੇ ਚਿਰਾਂ ਤੋਂ ਝੋਲੇ ਖਾਵੇ,
ਥੱਲਿਓਂ ਨੀਂਹ ਖਿਸਕਦੀ ਜਾਵੇ,
ਜਿਸ ਦਿਨ ਕੋਈ ਹਲੂਣਾ ਆਇਆ,
ਡਿਗ ਪੈਣੀ ਹੈ ਸਾਰੀ।

ਬਾਬਾ! ਤੇਰੀ ਢਹਿਣ ਲੱਗੀ ਊ ਅਟਾਰੀ।


੩.ਦੁਨੀਆਂ ਹੁੰਦੀ ਜਾਏ ਸਿਆਣੀ,
ਹੁਣ ਤੇਰੀ ਕੋਈ ਪੇਸ਼ ਨ ਜਾਣੀ,
ਬੇੜੀ ਛੇਕੋ ਛੇਕ ਪੁਰਾਣੀ,
ਲਭਣੀ ਨਹੀਂ ਸਵਾਰੀ।

ਬਾਬਾ! ਤੇਰੀ ਢਹਿਣ ਲੱਗੀ ਊ ਅਟਾਰੀ।


੪.ਸੁਰਗ ਨਰਕ ਤੋਂ ਕਪੜਾ ਲਹਿ ਗਿਆ,
ਮਜ਼ਹਬ ਇਕ ਦਿਖਾਵਾ ਰਹਿ ਗਿਆ,
ਜਾਂ ਦਿਸਦੇ ਨੇ ਮਾਇਆਧਾਰੀ,
ਜਾਂ ਰਹਿ ਗਏ ਵਿਭਚਾਰੀ।
ਬਾਬਾ! ਤੇਰੀ ਢਹਿਣ ਲੱਗੀ ਊ ਅਟਾਰੀ।

———੬੩———