ਇਹ ਸਫ਼ਾ ਪ੍ਰਮਾਣਿਤ ਹੈ

੩.ਇਕ ਕਹੇ, ਡਰ ਨਾ, ਬਾਹਰ ਨਿਕਲ ਤੂੰ,
ਝਾਤੀ ਮਾਰ ਦੁਆਲੇ ਵਲ ਤੂੰ।
ਸੇਕ ਬੁਝਾ ਦੇ, ਗੰਦ ਹਟਾ ਦੇ,
ਆਂਢ ਗੁਆਂਢੀਆਂ ਨੂੰ ਠੰਢ ਪਾ ਦੇ।
ਇਹੋ ਜਹਾਨ ਬਹਿਸ਼ਤ ਬਣਾ ਲੈ,
ਪਿਆਰਾਂ ਦੀ ਫੁਲਵਾੜੀ ਲਾ ਲੈ।
ਆਦਰ ਦੀ ਖੁਸ਼ਬੋ,
ਦਿਲ ਇੱਕ, ਦਲੀਲਾਂ ਦੋ।
੪.ਦੂਈ ਕਹੇ, ਕਿਉਂ ਟੱਕਰਾਂ ਮਾਰੇਂ,
ਪਿਆ ਪਰਾਏ ਡੰਗਰ ਚਾਰੇਂ।
ਅਪਣਾ ਆਪ ਨਬੇੜ ਬਖੇੜਾ,
ਲਾਹ ਸੁਟ ਗਲੋਂ ਬਿਗਾਨਾ ਝੇੜਾ।
ਤੂੰ ਸਭ ਦਾ ਚਾਚਾ ਨਹੀਂ ਲਗਦਾ,
ਫਿਕਰ ਪੈ ਗਿਆ ਸਾਰੇ ਜਗ ਦਾ।
ਬਹਿ ਜਾ ਲਾਂਭੇ ਹੋ,
ਦਿਲ ਇੱਕ, ਦਲੀਲਾਂ ਦੋ।
੫.ਵਾਜ ਆਈ ਜੇ ਤਕੜਾ ਹੋਵੇਂ,
ਪੂਰੀਆਂ ਹੋਣ ਦਲੀਲਾਂ ਦੋਵੇਂ।
ਦੁੰਹ ਹੱਥੀ ਦੋ ਰਾਸਾਂ ਫੜ ਕੇ,
ਕਾਬੂ ਕਰ ਲੈ ਉਪਰ ਚੜ੍ਹ ਕੇ।
ਆਪ ਕਿਸੇ ਤੋਂ ਕਾਂਬ ਨਾ ਖਾ ਤੂੰ,
ਦੋਵੇਂ ਅਪਣੇ ਮਗਰ ਚਲਾ ਤੂੰ।
ਤਣ ਕੇ ਜ਼ਰਾ ਖਲੋ,
ਦਿਲ ਇੱਕ, ਦਲੀਲਾਂ ਦੋ।

———੩੫———