ਇਹ ਸਫ਼ਾ ਪ੍ਰਮਾਣਿਤ ਹੈ

ਪੰਜਾਬੀ ਦਾ ਸੁਪਨਾ

ਕਿਸੇ ਟਾਪੂ ਵਿਚ ਬੈਠੇ ਪੰਜਾਬੀ ਦਾ ਆਪਣੇ ਵਤਨੀ ਭਰਾ ਨਾਲ ਮੇਲ


——ਪੰਜਾਬੋਂ ਔਂਦਿਆ ਵੀਰਨਿਆਂ!
ਕੋਈ ਗੱਲ ਕਰ ਆਪਣੇ ਥਾਵਾਂ ਦੀ।
ਮੇਰੇ ਪਿੰਡ ਦੀ, ਮੇਰੇ ਟੱਬਰ ਦੀ,
ਹਮਸਾਇਆਂ ਭੈਣ ਭਰਾਵਾਂ ਦੀ।
ਫਸਲਾਂ ਚੰਗੀਆਂ ਹੋ ਜਾਂਦੀਆਂ ਨੇਂ?
ਮੀਂਹ ਵੇਲੇ ਸਿਰ ਪੈ ਜਾਂਦਾ ਹੈ?
ਘਿਉ ਸਸਤਾ, ਅੰਨ ਸਵੱਲਾ ਏ,
ਸਭ ਰੱਜ ਕੇ ਰੋਟੀ ਖਾਂਦੇ ਨੇਂ?
ਪਰਭਾਤ ਰਿੜਕਣੇ ਪੈਂਦੇ ਸਨ?
ਛਾਹ ਵੇਲੇ ਭੱਤੇ ਢੁਕਦੇ ਸਨ?
ਭਠੀਆਂ ਤੇ ਝੁਰਮਟ ਪੈਂਦੇ ਸਨ?
ਤ੍ਰਿਞਣਾਂ ਵਿਚ ਚਰਖੇ ਘੁਕਦੇ ਸਨ?
ਪਰਦੇਸਾਂ ਅੰਦਰ ਬੈਠਿਆਂ ਨੂੰ,
ਕੋਈ ਯਾਦ ਤੇ ਕਰਦਾ ਹੋਵੇਗਾ,
ਮਾਂ, ਭੈਣ ਤੇ ਨਾਰ ਕਿਸੇ ਦੀ ਦਾ,
ਦਿਲ ਹੌਕੇ ਭਰਦਾ ਹੋਵੇਗਾ।

——————