ਇਹ ਸਫ਼ਾ ਪ੍ਰਮਾਣਿਤ ਹੈ
ਮੁਖ ਬੰਧ.

ਪੁਰਾਣੇ ਜਹਾਨ ਨੂੰ ਮੈਂ ਪੰਜਾਹ ਸਠ ਵਰਹੇ ਦੇਖਦਾ ਰਿਹਾ, ਇਸ ਪਿਛੋਂ ਨਵੇਂ ਜਹਾਨ ਦੀ ਖਿੱਚ ਨੇ ਪਿਛਲੇ ਪੰਜਾਂ ਛਿਆਂ ਸਾਲਾਂ ਵਿਚ ਜੋ ਖਿਆਲ ਪੈਦਾ ਕੀਤੇ, ਉਹ ਇਸ ਸੰਚੀ ਵਿਚ ਦਿੱਤੇ ਜਾ ਰਹੇ ਹਨ। ਮੇਰੇ ਜਜ਼ਬਾਤ ਨੂੰ ਜਿਸ ਚੀਜ਼ ਨੇ ਵਧੇਰੇ ਪੱਛਿਆ, ਉਹ ਨਿੱਤ ਦੀ ਗੁਲਾਮੀ ਹੈ। ਹਿੰਦੁਸਤਾਨ ਉਤੇ ਅੰਗਰੇਜ਼ ਦੀ ਗੁਲਾਮੀ ਤਾਂ ਸਿਰਫ ਡੇਢ ਸੌ ਸਾਲ ਤੋਂ ਸਵਾਰ ਹੈ, ਪਰ ਅਸਲ ਗੁਲਾਮੀ ਦਾ ਜਾਲ ਉਸ ਵੇਲੇ ਤੋਂ ਵਿਛਿਆ ਆ ਰਿਹਾ ਹੈ ਜਦੋਂ ਬੋਧ ਸਾਮਰਾਜ ਨੂੰ ਜਿੱਤ ਕੇ ਬ੍ਰਾਹਮਣੀ ਤਾਕਤ ਨੇ ਇਥੋਂ ਦੀ ਜਨਿਤਾ ਨੂੰ ਸਚਾਈ ਦੇ ਗ੍ਯਾਨ ਤੋਂ ਵੰਚਿਤ ਕਰ ਦਿੱਤਾ ਸੀ। ਉਨ੍ਹਾਂ ਨੇ ਆਪਣੀ ਸੰਸਕ੍ਰਿਤ ਨੂੰ ਅਪਣੇ ਕਬਜ਼ੇ ਵਿਚ ਰਖਿਆ, ਤੇ ਬਾਕੀ ਜਾਤੀਆਂ ਪਾਸੋਂ ਉਹੋ ਕਰਮ ਕਾਂਡ ਚਲਵਾਇਆ, ਜਿਸ ਨਾਲ ਉਨਾਂ ਦਾ ਮਨਸ਼ਾ ਪੂਰਾ ਹੁੰਦਾ ਸੀ ਤੇ ਹਕੂਮਤ ਦੀਆਂ ਜੜ੍ਹਾਂ ਪੱਕੀਆਂ ਹੁੰਦੀਆਂ ਸਨ। ਅੰਧੇਰੇ ਵਿਚ ਰਖਣ ਦਾ ਸਭ ਤੋਂ ਵੱਡਾ ਸਟੰਟ ਸੁਅਰਗ ਤੇ ਨਰਕ ਦੀ ਕਲਪਨਾ ਸੀ। ਇਸ ਦੇ ਨਾਲ ਧਰਮ ਰਾਜ ਦੀ ਕਚਹਿਰੀ, ਚਿਤ੍ਰ ਗੁਪਤ ਦੀ ਕਰਮ ਪਤ੍ਰੀ, ਮਰਨ ਦੇ ਬਾਦ ਦਾ ਕਿਰਿਆ ਕਰਮ, ਸ਼ਰਾਧ ਦੇ ਵਾਸਤੇ ਪਾਣੀ ਦੇਣ ਵਾਲੇ ਪੁਤ੍ਰ ਦੀ ਲੋੜ ਆਦਿਕ ਕਈ ਫਰਜ਼ ਜੜ ਦਿਤੇ ਗਏ। ਗਲ ਕੀ ਜੰਮਣ ਤੋਂ ਤਿੰਨ ਮਹੀਨੇ ਪਹਿਲੇ ਤੋਂ ਸ਼ੁਰੂ ਹੋ ਕੇ, ਸਾਰੀ ਉਮਰ, ਤੇ ਮਰਨ ਤੋਂ ਬਾਦ ਪੋਤ੍ਰੇ ਦੀ ਮੌਤ ਤਕ ਟੈਕਸਾਂ ਦਾ ਸਿਲਸਿਲਾ ਜਾਰੀ ਰਹਿੰਦਾ ਹੈ।

ਇਸੇ ਸਿਲਸਿਲੇ ਦਾ ਦੂਸਰਾ ਸਟੰਟ ਮੁਕਤੀ ਦਾ ਸਵਾਲ ਹੈ।

-ੳ-