ਪੰਨਾ:ਨਵਾਂ ਜਹਾਨ.pdf/108

ਇਹ ਸਫ਼ਾ ਪ੍ਰਮਾਣਿਤ ਹੈ



ਰਬ ਦੀ ਦੁਹਾਈ.

ਵੇ ਰੱਬਾ! ਤੂੰ ਏ ਕੇਹੋ ਜਹੀ ਦੁਨੀਆ ਬਣਾਈ।

੧.ਜਦੋਂ ਤੂੰ ਬਣਾਏ ਰਾਜੇ ਰਾਣੇ,
ਵਾਂਜੇ ਰਖੇ ਕਿਉਂ ਕੰਗਲੇ ਨਿਮਾਣੇ?
ਐਡੀ ਸੁਹਣੀ ਲੀਲ੍ਹਾ ਰਚ ਕੇ,
ਇਹ ਕੀ ਤੂੰ ਲੀਕ ਲੁਆਈ?
ਵੇ ਰੱਬਾ! ਤੂੰ ਏ ਕੇਹੋ ਜਹੀ ਦੁਨੀਆ ਬਣਾਈ।
੨.ਇਕਧਿਰ ਤੜਫਣ ਅਮਨ ਦੇ ਹਾਮੀ,
ਇਕਧਿਰ ਨਕ ਨਕ ਆਈ ਗੁਲਾਮੀ,
ਲਹੂ ਤਿਹਾਈ ਤਾਕਤ ਖਬਰੇ,
ਕੀਕੂੰ ਤੂੰ ਸਿਰ ਤੇ ਚੜ੍ਹਾਈ।
ਵੇ ਰੱਬਾ! ਤੂੰ ਏ ਕੇਹੋ ਜਹੀ ਦੁਨੀਆ ਬਣਾਈ।
੩.ਖਤਰੇ ਵਿਚ ਹੈ ਤੇਰੀ ਵਡਿਆਈ,
ਤ੍ਰਾਹ ਤ੍ਰਾਹ ਕਰ ਉਠੀ ਸਾਰੀ ਖ਼ੁਦਾਈ,
ਵੇਖ ਕੇ ਭੱਠ ਵਿਚ ਭੁਜਦਾ ਬੰਗਾਲਾ,
ਜਾਗ ਨ ਤੈਨੂੰ ਆਈ?
ਵੇ ਰੱਬਾ! ਤੂੰ ਏ ਕੇਹੋ ਜਹੀ ਦੁਨੀਆ ਬਣਾਈ।
੪.ਮਾੜਿਆਂ ਦੀ ਗਲ ਮੰਨਦਾ ਕਿਉਂ ਨਹੀਂ?
ਤਕੜਿਆਂ ਦਾ ਮੂੰਹ ਭੰਨਦਾ ਕਿਉਂ ਨਹੀਂ?
ਜਾਂ ਰਖ ਨੇਕੀ ਤੇ ਪ੍ਰੇਮ ਦੇ ਪੁਤਲੇ,
ਜਾਂ ਰਖ ਬੰਬਾਂ ਦੀ ਲੜਾਈ।
ਵੇ ਰੱਬਾ! ਤੂੰ ਏ ਕੇਹੋ ਜਹੀ ਦੁਨੀਆ ਬਣਾਈ।

———੮੬———