ਪੰਨਾ:ਧੁਪ ਤੇ ਛਾਂ.pdf/56

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੪)

ਕਿ ਬਾਥਨ ਮੇਰੀ ਕੋਈ ਗਲ ਵੀ ਨਹੀਂ ਸੁਣਨਾ ਚਾਹੁੰਦਾ, ਉਹਦਾ ਢਿੱਡ ਗੱਲਾਂ ਨਾਲ ਭਰਿਆ ਹੋਇਆ ਸੀ, ਕਲ੍ਹ ਵੀ ਕੰਮ ਬਹੁਤਾ ਹੋਣ ਕਰਕੇ ਬਾਥਨ ਉਸ ਨਾਲ ਗੱਲਾਂ ਨਹੀਂ ਸੀ ਕਰ ਸਕਿਆ, ਤੇ ਇਹ ਹੁਣ ਏਹੋ ਹੀ ਸੋਚ ਕੇ ਆਈ ਸੀ ਕਿ ਅੱਜ ਤਾਂ ਰੱਜ ਕੇ ਦੁਖ ਸੁਖ ਫੋਲਾਂਗੀ ਪਰ ਅੱਜ ਵੀ ਕੱਲ੍ਹ ਵਰਗੀ ਹੀ ਖੁਸ਼ਕੀ ਸੀ। ਕੱਲਿਆਂ ਕੱਲਿਆਂ ਮੂੰਹ ਵਿਚ ਗੁਣ ਗਣਾਇਆ ਜਾ ਸਕਦਾ ਹੈ, ਪਰ ਰਾਗ ਨਹੀਂ ਗਾਂਵਿਆਂ ਜਾ ਸਕਦਾ ਇਸੇ ਕਰ ਕੇ ਉਹ ਕੱਲੀ ਵਿਚਾਰੀ ਚੁੱਪ ਕਰਕੇ ਬੁੱਤ ਬਣੀ ਬੈਠੀ ਰਹੀ। ਦੂਜੇ ਪਾਸੇ ਦੀ ਚੁੱਪ ਨੂੰ ਤੋੜ ਕੇ ਉਹ ਬਾਥਨ ਨੂੰ ਆਪਣੇ ਵਲ ਖਿੱੱਚਣ ਵਿਚ ਕਾਮਯਾਬ ਨਹੀਂ ਹੋ ਸਕੀ ।

ਰੋਜ ਆ ਕੇ, ਛੋਟੇ ਮੋਟੇ ਕੰਮ ਕਰਕੇ ਉਹ ਚਲੀ ਜਾਂਦੀ ਸੀ, ਪਰ ਅੱਜ ਉਹਦਾ ਜੀ ਕਿਸੇ ਕੰਮ ਨੂੰ ਹਥ ਲੌਣ ਨੂੰ ਨਹੀਂ ਸੀ ਕਰਦਾ । ਕਿੰਨਾ ਚਿਰ ਹੋ ਗਿਆ, ਬਾਥਨ ਨੇ ਸਿਰ ਉੱਚਾ ਕਰਕੇ ਹੀ ਨ ਵੇਖਿਆ ਨਾ ਕੋਈ ਗੱਲ ਪੁਛੀ, ਜਾਣੀ ਦੀ ਉਹਨੂੰ ਮਾਸ਼ੋਯੋ ਦੇ ਐਡੇ ਵਡੇ ਕੰਮ ਦੀ ਭੋਰਾ ਖੁਸ਼ੀ ਨਹੀਂ ਸੀ । ਇਹੋ ਮਲੂੰੰਮ ਹੁੰਦਾ ਸੀ ਕਿ ਉਸ ਨੂੰ ਕੰਮੋ ਸਾਹ ਲੈਣ ਦਾ ਵਿਹਲ ਵੀ ਨਹੀਂ ਸੀ ਮਿਲਦਾ ।

ਕਈ ਚਿਰ ਤਕ ਉਹ ਸੰਗ ਨਾਲ ਸੁੰਗੜੀ ਹੋਈ ਬੈਠੀ ਰਹੀ, ਅਖੀਰ ਨੂੰ ਥੱਕ ਕੇ ਉਹ ਉਠ ਬੈਠੀ ਤੇ ਹਿਰਖੇ ਹੋਏ ਆਵਾਜ਼ ਨਾਲ ਬੋਲੀ, ਚੰਗਾ ਹੁਣ ਮੈਂ ਜਾਵਾਂ ?

ਬਾਥਨ ਨੇ ਤਸਵੀਰ ਵਿਚ ਧਿਆਨ ਰਖਦਿਆਂ ਹੋਇਆਂ ਹੀ ਕਿਹਾ, ਚੰਗਾ ਜਾਓ।