ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/96

ਇਹ ਸਫ਼ਾ ਪ੍ਰਮਾਣਿਤ ਹੈ

ਨਿੱਕਾ ਜੇਹਾ ਕਰਣ

ਨਿੱਕਾ ਜਿਹਾ ਕਰਣ ਬੜੇ ਕਰਦੈ ਕਲੋਲ!
'ਕੱਲ੍ਹਾ ਜਦੋਂ ਖੇਡਦੈ, ਕਦੇ ਵੀ ਨਹੀਂ ਬੋਲਦਾ।
ਜਦੋਂ ਵੀ ਮੈਂ ਆਖਦਾ ਹਾਂ,
ਆ ਜਾ ਮੇਰੇ ਕੋਲ ਦੂਰ ਦੂਰ ਭੱਜਦਾ ਏ
ਦੂਰ ਦੂਰ ਭੱਜਦਾ ਏ।
ਜਦੋਂ ਫਿਰ ਆਖਦਾ ਹਾਂ
ਨੂਰ ਮੇਰੀ ਧੀ, ਸੂਰਜ ਮੇਰਾ ਪੁੱਤਰ
ਤਾਂ ਤੁਰੰਤ ਮੋੜੇ ਉੱਤਰ
"ਉਹ ਤਾਂ ਏਥੇ ਰਹਿੰਦਾ ਹੀ ਨਹੀਂ।"
ਨਿੱਕੇ ਦਾਦਾ ਗੋਦੀ ਚੁੱਕੋ,
ਹੁਣ ਮੈਂ ਹੇਠਾਂ ਲਹਿੰਦਾ ਈ ਨਹੀਂ।
ਚੁੰਮ ਚੁੰਮ ਚੱਟ ਜਾਵੇ ਮੇਰਾ ਸਾਰਾ ਮੂੰਹ!
ਕਰੇ ਹਾਂ ਨਾ ਹੂੰ!

ਅਵਾਜ਼ ਦਿਓ

ਕਬਰਾਂ 'ਚ ਪਏ ਮੁਰਦਾ ਸਰੀਰੋ!
ਆਵਾਜ਼ ਦਿਓ।
ਘਰਾਂ 'ਚ ਟੀ. ਵੀ. ਦੇਖਦੇ ਮਿਹਰਬਾਨ ਵੀਰੋ!
ਚੁੱਪ ਨਾ ਬੈਠੋ! ਆਵਾਜ਼ ਦਿਓ।
ਨੌਕਰੀ ਕਰਦੀਓ ਮੇਜ਼ ਕੁਰਸੀਓ!
ਕੁਝ ਤਾਂ ਕਹੋ।
ਜਬਰ ਝੱਲਣ ਨੂੰ ਸਬਰ ਨਾ ਕਹੋ!
ਦੂਰ ਦੇਸ ਚੱਲਦੇ ਪਟਾਕੇ,
ਜੇ ਅੱਜ ਤੁਹਾਡੇ ਘਰ ਖ਼ਬਰਾਂ ਘੱਲਦੇ ਨੇ
ਤਾਂ ਕੱਲ੍ਹ ਨੂੰ ਚਿੱਟੀਆਂ ਚੁੰਨੀਆਂ ਵੀ ਭੇਜ ਸਕਦੇ ਨੇ।

ਧਰਤੀ ਨਾਦ/ 96