ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/9

ਇਹ ਸਫ਼ਾ ਪ੍ਰਮਾਣਿਤ ਹੈ

ਨੰਗੇ ਸ਼ਬਦਾਂ ਦੇ ਸਨਮੁਖ

-ਜਸਵੰਤ ਜ਼ਫ਼ਰ



ਗੁਰਭਜਨ ਗਿੱਲ ਨੇ ਗੀਤ, ਗ਼ਜ਼ਲ, ਰੁਬਾਈ ਅਤੇ ਨਜ਼ਮ ਦੀ ਰਚਨਾ ਕੀਤੀ ਹੈ। ਉਹਨਾਂ ਦੇ ਇਕੱਲੀਆਂ ਗ਼ਜ਼ਲਾਂ, ਇਕੱਲੇ ਗੀਤਾਂ ਅਤੇ ਇਕੱਲੀਆਂ ਰੁਬਾਈਆਂ ਦੇ ਸੰਗ੍ਰਹਿ ਛਪ ਚੁੱਕੇ ਹਨ। ਪਰ ਇਸ ਕਾਵਿ ਸੰਗ੍ਰਹਿ ਵਿਚ ਕਵਿਤਾ ਦੇ ਇਹ ਸਾਰੇ ਰੂਪ ਹਾਜ਼ਰ ਹਨ। ਇਸ ਤਰ੍ਹਾਂ ਰੂਪਕ ਪੱਖ ਤੋਂ 'ਧਰਤੀ ਨਾਦ' ਉਹਨਾਂ ਦੀ ਪ੍ਰਤੀਨਿਧ ਕਾਵਿ-ਪੁਸਤਕ ਹੈ।

ਆਪਣੀਆਂ ਸਾਂਝਾਂ ਅਤੇ ਸਰਗਰਮੀਆਂ ਕਾਰਨ ਗੁਰਭਜਨ ਗਿੱਲ ਇਸ ਵੇਲੇ ਪੰਜਾਬੀ ਸਾਹਿਤਕਾਰਾਂ ਵਿਚੋਂ ਸਭ ਤੋਂ ਵੱਧ ਜਾਣਿਆਂ ਜਾਣ ਵਾਲਾ ਨਾਮ ਹੈ। ਪੜ੍ਹਨ ਦੇ ਨਾਲ-ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਾਨਣਾ, ਜਾਣੇ ਜਾਣਾ ਅਤੇ ਜਾਣਦਿਆਂ ਨਾਲ ਜੁੜਨਾ ਉਹਨਾਂ ਦਾ ਸ਼ੌਕ ਅਤੇ ਸੁਭਾਅ ਹੈ। ਉਹ ਲੁਧਿਆਣੇ ਤੋਂ ਕਿਸੇ ਵੀ ਰੂਟ ਦੀ ਬੱਸ ਵਿਚ ਜਾਂ ਕਿਸੇ ਵੀ ਗੱਡੀ ਦੇ ਡੱਬੇ ਵਿਚ ਬੈਠ ਜਾਣ, ਜਾਣੂੰ ਸਵਾਰੀਆਂ ਮਿਲ ਹੀ ਜਾਂਦੀਆਂ ਹਨ। ਉਹ ਕਿਸੇ ਗਰੀਬੜੇ ਜਿਹੇ ਕਿਰਤੀ ਤੋਂ ਲੈ ਕੇ ਉੱਚੀ ਤੋਂ ਉੱਚੀ ਕਲਗੀ ਵਾਲੇ ਕਿਸੇ ਅਮੀਰ ਵਜ਼ੀਰ ਨਾਲ ਇੱਕੋ ਜਿੰਨੀ ਸੌਖ ਅਤੇ ਅਪਣੱਤ ਨਾਲ ਗੱਲਬਾਤ ਕਰ ਲੈਂਦੇ ਹਨ। ਸਾਂਝ, ਸੰਵਾਦ ਜਾਂ ਸੰਗਤ ਕਰਨ ਵੇਲੇ ਅਗਲੇ ਦਾ ਛੋਟਾ-ਵੱਡਾ ਹੋਣਾ ਅੜਿਕਾ ਨਹੀਂ ਬਣਦਾ। ਇੰਜ ਉਹਨਾਂ ਨੇ ਆਪਣੀ ਅਕਾਦਮਿਕ ਮੁਸ਼ੱਕਤ ਅਤੇ ਮਿਲਣਸਾਰਤਾ ਦੇ ਸੰਯੋਗ ਨਾਲ ਆਪਣੇ ਭਾਸ਼ਾਈ ਭੰਡਾਰ ਜਾਂ ਭਾਸ਼ਾਈ ਯੋਗਤਾ ਨੂੰ ਭਰਪੂਰ ਕੀਤਾ ਹੈ। ਉਹਨਾਂ ਦਾ ਚਿੱਤ ਅਤੇ ਚੇਤਨਾ ਭਾਸ਼ਾਈ ਸਮਰੱਥਾ ਨਾਲ ਮਾਲਾਮਾਲ ਹਨ। ਇਸ ਸਮਰੱਥਾ ਕਾਰਨ ਉਹਨਾਂ ਨੂੰ ਆਪਣੇ ਕਿਸੇ ਵਿਚਾਰ, ਅਨੁਭਵ ਜਾਂ ਟਿੱਪਣੀ ਨੂੰ ਕਵਿਆਉਣ ਵਿਚ ਬਹੁਤ ਸੌਖਿਆਈ ਰਹਿੰਦੀ ਹੈ। ਭਾਸ਼ਾ ਵਲੋਂ ਖੁੱਲ੍ਹਾ ਹੱਥ ਉਹਨਾਂ ਨੂੰ ਕਵਿਤਾਕਾਰੀ ਲਈ ਪ੍ਰੇਰਤ ਜਾਂ ਰਵਾਂ ਕਰੀ ਰੱਖਦਾ ਹੈ। ਦੂਜੇ ਸ਼ਬਦਾਂ ਵਿਚ ਉਹਨਾਂ ਵਲੋਂ ਗ੍ਰਹਿਣ ਕੀਤੀ ਭਾਸ਼ਾਈ ਸਮਰੱਥਾ ਉਹਨਾਂ ਉਤੇ ਕਵਿਤਾ ਲਿਖਣ ਲਈ ਅਜਿਹਾ ਦਬਾਅ ਬਣਾ ਕੇ ਰੱਖਦੀ ਹੈ ਕਿ ਵੰਨ-ਸੁਵੰਨੇ ਵਿਸ਼ਿਆਂ, ਹਾਲਤਾਂ, ਵਿਚਾਰਾਂ ਅਤੇ ਭਾਵਾਂ ਨੂੰ ਕਵਿਆਉਣ ਲਈ ਉਹਨਾਂ ਦਾ ਚਾਅ ਅਤੇ ਉਤਸ਼ਾਹ ਹਮੇਸ਼ਾ ਬਣਿਆਂ ਰਹਿੰਦਾ ਹੈ। ਇਸ ਤਰ੍ਹਾਂ ਰਚਨਾਕਾਰੀ ਦੀ ਨਿਰੰਤਰਤਾ ਅਤੇ ਆਪਣੇ ਲੋਕਾਂ ਨਾਲ ਜੁੜੇ ਰਹਿਣ ਦੇ ਸ਼ੌਕ ਕਾਰਨ ਵਰਤਮਾਨ ਸਮੇਂ ਵਿਚ ਉਹ ਪੰਜਾਬੀ ਦੇ ਸਭ ਤੋਂ

ਧਰਤੀ ਨਾਦ/ 9