ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/88

ਇਹ ਸਫ਼ਾ ਪ੍ਰਮਾਣਿਤ ਹੈ

ਕਿਉਂਕਿ ਉਹਦੇ ਹੱਥਾਂ ਵਿਚ,
ਖੂਨੀ ਤ੍ਰਿਸ਼ੂਲ ਹੈ।

ਬਾਪੂ ਤੇਰੇ ਦੇਸ ਵਿਚ, ਵਿਧੀ ਨਾ ਵਿਧਾਨ ਹੈ।
ਤੁਰੀ ਜਾਂਦੀ ਬੱਸ, ਬਣ ਜਾਂਦੀ ਸ਼ਮਸ਼ਾਨ ਹੈ।

ਗੋਲੀਆਂ ਬੰਦੂਕਾਂ ਸਾਹਵੇਂ, ਸਹਿਮਿਆਂ ਕਾਨੂੰਨ ਹੈ।
ਕੁਰਸੀ 'ਤੇ ਆਣ ਬੈਠਾ, ਮਜ਼੍ਹਬੀ ਜਨੂੰਨ ਹੈ।

ਬਾਪੂ ਤੇਰੇ ਦੇਸ ਵਿਚ, ਘਰ ਘਰ ਨੇਰ੍ਹ ਹੈ।
ਚੁੱਲ੍ਹੇ ਵੀ ਉਦਾਸ ਬੁਝੇ, ਸੱਖਣੀ ਚੰਗੇਰ ਹੈ।
ਸ਼ਾਮਾਂ ਦੀ ਉਦਾਸੀ ਵਿਚ, ਡੁੱਬੀ ਹੋਈ ਸਵੇਰ ਹੈ।

ਬਾਪੂ ਤੇਰੇ ਦੇਸ ਵਿਚ, ਕਿਹੋ ਜਿਹੇ ਬਜ਼ਾਰ ਨੇ।
ਨਵੇਂ ਨਵੇਂ ਸ਼ਾਹ ਏਥੇ, ਨਵੇਂ ਸ਼ਾਹੂਕਾਰ ਨੇ।
ਕੱਪੜੇ ਸਬੂਤੇ ਭਾਵੇਂ, ਚਿਹਰੇ 'ਤੇ ਲੰਗਾਰ ਨੇ।

ਬਾਪੂ ਤੇਰੇ ਦੇਸ਼ ਵਿਚ
ਧੁੱਪਾਂ ਵੀ ਉਦਾਸ ਨੇ ਤੇ ਛਾਵਾਂ ਵੀ ਉਦਾਸ ਨੇ।
ਧੀਆਂ ਵੀ ਉਦਾਸ ਨੇ ਤੇ ਮਾਵਾਂ ਵੀ ਉਦਾਸ ਨੇ।
ਖੁਸ਼ੀਆਂ ਨੂੰ ਮਿਲ ਹੋਏ, ਕੇਹੇ ਬਨਵਾਸ ਨੇ?

ਨਾਗਾਂ ਜ਼ਹਿਰੀਲਿਆਂ, ਮਨੁੱਖਤਾ ਨੂੰ ਡੱਸਿਆ।
ਫ਼ਿਰਕੂ ਜਨੂੰਨੀਆਂ, ਸ਼ਿਕੰਜਾ ਐਸਾ ਕੱਸਿਆ।
ਓਦਰੇ ਉਦਾਸ ਬੰਦੇ, ਮੂੰਹਾਂ ਉੱਤੇ ਮੱਸਿਆ।
ਲੱਗਦੈ ਮਨੁੱਖ ਇਥੇ, ਕਦੇ ਵੀ ਨਾ ਹੱਸਿਆ।
ਢੱਠੇ ਖੂਹ 'ਚ ਪੈ ਗਈ, ਤੇਰੀ ਕੀਤੀ ਹੋਈ ਤਪੱਸਿਆ।

ਭੁੱਲ ਗਏ ਅਜ਼ਾਦੀ ਵਾਲੇ, ਕੌਮੀ ਸੰਗ੍ਰਾਮ ਨੂੰ।
ਕੀਤਾ ਹੈ ਵਿਕਾਊ, ਹਰ ਦੇਵਤੇ ਦੇ ਨਾਮ ਨੂੰ।

ਧਰਤੀ ਨਾਦ/ 88