ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/65

ਇਹ ਸਫ਼ਾ ਪ੍ਰਮਾਣਿਤ ਹੈ

ਦਿਨ ਢਲਿਆਂ 'ਤੇ,
ਡੁੱਬਦਾ ਜਾਂਦਾ ਸੂਰਜ ਉਸਨੂੰ ਇਹ ਸਮਝਾਵੇ।
ਵੇਖ ਮੁਸਾਫ਼ਰ ਮੋਢੇ 'ਤੇ ਬੁਚਕੀ ਲਟਕਾਈ,
ਦੂਰ ਦੇਸ ਦੀ ਵਾਟ ਮੁਕਾਵੇ।

ਜਿਵੇਂ ਰਾਤ ਦੀ ਕਾਲੀ ਲੋਈ,
ਜਾਵੇ ਉਸਦਾ ਚੰਨ ਲੁਕੋਈ।
ਜਿਵੇਂ ਅਧੂਰੇ ਸੁਪਨੇ ਖਿੱਲਰੇ,
ਉਸਦੇ ਅੰਬਰ ਵਿਚਲੇ ਤਾਰੇ।
ਜੀਕੂੰ ਚੱਬ ਖੋਪੇ ਦੀ ਠੂਠੀ,
ਕਾਲੀ ਚਾਦਰ ਉੱਤੇ ਕੋਈ,
ਮਾਰ ਫੁਰਕੜਾ ਪਿਆ ਖਿਲਾਰੇ।

ਅੱਜ ਦੀ ਰਾਤ ਉਹਦੇ ਸਾਹਾਂ ਵਿਚ,
ਅਚਨਚੇਤ ਕੀਹ ਭਰਦੀ ਜਾਵੇ।
ਗੱਲਾਂ ਕਰਦਿਆਂ ਸਾਹ ਫੁੱਲਦਾ ਹੈ,
ਚੁੱਪ ਕਰਦੀ ਤਾਂ ਨੀਂਦ ਨਾ ਆਵੇ।

ਅੱਜ ਦੀ ਰਾਤ ਜਿਵੇਂ ਕੋਈ ਨਾਗਣ,
ਕਿਸੇ ਸਪੇਰੇ ਕੋਲੋਂ ਭੱਜ ਕੇ,
ਸਾਹੋ ਸਾਹੀ, ਵਾਹੋ ਦਾਹੀ,
ਆਪਣੀ ਵਰਮੀ ਢੂੰਡ ਰਹੀ ਹੈ।

ਅੱਜ ਦੀ ਰਾਤ ਜਿਵੇਂ ਕੋਈ ਕਵਿਤਾ,
ਜਾਂ ਫਿਰ ਕੋਈ ਗੀਤ ਅਧੂਰਾ।
ਅੜਿਆ ਸ਼ਿਅਰ ਗ਼ਜ਼ਲ ਦਾ ਜੀਕੂੰ,
ਨਾ ਲਿਖਿਆ ਨਾ ਕੱਟਿਆ ਜਾਵੇ।
ਕੱਲ੍ਹੀ ਜਾਨ ਕਵੀ ਦੀ ਕੋਹਵੇ ਤੇ ਤੜਫ਼ਾਵੇ।

ਧਰਤੀ ਨਾਦ/ 65