ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/64

ਇਹ ਸਫ਼ਾ ਪ੍ਰਮਾਣਿਤ ਹੈ

ਅੱਜ ਦੀ ਰਾਤ

ਅੱਜ ਦੀ ਰਾਤ ਜਿਵੇਂ ਕੋਈ ਬਿਰਹਣ,
ਖ਼ਤ ਲਿਖਦੀ ਹੈ।
ਦੂਰ ਦੇਸ ਪਰਦੇਸ ਗਏ ਨੂੰ,
'ਵਾਜ਼ਾਂ ਮਾਰੇ।
ਕਾਲੀ ਰਾਤ ਦੇ ਵਰਕੇ ਉੱਤੇ,
ਤਾਰੇ ਜਿਵੇਂ ਭੁਲਾਵੇਂ ਅੱਖਰ।
ਕੱਲ੍ਹੇ ਕੱਲ੍ਹੇ ਫ਼ਿਕਰੇ ਵਿਚੋਂ,
ਸੁਆਹ ਝੜਦੀ ਹੈ।
ਪੜ੍ਹਨ ਹਾਰ ਪ੍ਰਦੇਸੀ ਤਾਈਂ,
ਲਿਖਣ ਹਾਰ ਦੀ ਰੀਝ ਪਰੁੱਚੀ,
ਹਰ ਇਕ ਸਤਰ ਉਡੀਕ ਰਹੀ ਹੈ।

ਅੱਜ ਦੀ ਰਾਤ ਜਿਉਂ ਬਿਰਹਣ ਦੀ,
ਅੱਖ ਰੋਂਦੀ ਹੈ।
ਰੋਂਦੀ ਰੋਂਦੀ ਦੀ ਅੱਖ ਵਿਚੋਂ,
ਰੱਤ ਚੋਂਦੀ ਹੈ।
ਸੂਰਜ ਦੀ ਲਿਸ਼ਕੋਰ,
ਜਿਵੇਂ ਫੁੰਕਾਰੇ ਨਾਗਣ।
ਉਸਨੇ ਚਾਨਣ ਕੀਹ ਕਰਨਾ ਹੈ?

ਆਪਣੇ ਤਨ ਦੀ ਮਿੱਟੀ ਰੱਤ ਵਿਚ ਗੁੰਨ੍ਹੀ ਜਾਵੇ।
ਦਿਨ ਭਰ ਤਵਾ ਸੂਰਜੀ ਤਪਦਾ।
ਇਕਵਾਸੀ ਰੋਟੀ ਦੇ ਵਾਂਗੂੰ,
ਸੇਕ ਹੰਢਾਉਂਦੀ ਸੜ ਸੁੱਕ ਜਾਵੇ।
ਨਾ ਕੋਈ ਉਸਨੂੰ ਥਾਲ ਪਰੋਸੇ,
ਸੜੀ ਹੋਈ ਨੂੰ ਮੂੰਹ ਨਾ ਲਾਵੇ।

ਧਰਤੀ ਨਾਦ/ 64