ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/62

ਇਹ ਸਫ਼ਾ ਪ੍ਰਮਾਣਿਤ ਹੈ



ਕਿਉਂਕਿ ਤੁਸੀਂ ਬੱਚੇ ਨਹੀਂ ਹੋ
(ਅਰਸ਼ ਤੇ ਨੂਰ ਤੇ ਪ੍ਰੀਤੀ ਦੇ ਨਾਂ)

ਬੱਚਾ ਮਿੱਟੀ ਦਾ ਘਰ ਬਣਾਉਂਦਾ ਹੈ।
ਪਹਿਲਾਂ ਦੀਵਾਰਾਂ ਉਸਾਰਦਾ ਹੈ।
ਬੂਹੇ, ਖਿੜਕੀਆਂ ਰੌਸ਼ਨਦਾਨ,
ਕੁਝ ਨਹੀਂ ਰੱਖਦਾ।
ਕਾਨਿਆਂ ਦੀ ਛੱਤ ਪਾ ਕੇ,
ਨਿਸ਼ਚਿੰਤ ਸੌਂ ਜਾਂਦਾ ਹੈ।

ਸਕੂਲੋਂ ਪਰਤ ਕੇ 'ਹੋਮ ਵਰਕ' ਕਰਦਾ ਹੈ।
ਮਾਪਿਆਂ ਤੋਂ ਚੋਰੀ ਸਕੂਲ ਵਾਲੀ ਕਾਪੀ ਵਿਚ,
ਲਕੀਰਾਂ ਵਾਹੁੰਦਾ ਹੈ।
ਫੇਰ ਉਨ੍ਹਾਂ ਵਿਚ ਰੰਗ ਭਰਦਾ ਹੈ।
ਨਿੱਕਾ ਜਿਹਾ ਕਾਗ਼ਜ਼ੀ ਘਰ ਉਸਾਰਦਾ ਹੈ।

ਮਿੱਟੀ ਦੇ ਘਰਾਂ ਤੇ ਕਾਨਿਆਂ ਵਿਚ।
ਕਾਗ਼ਜ਼ੀ ਲਕੀਰਾਂ ਤੇ ਖਾਨਿਆਂ ਵਿਚ,
ਉਹ ਕਿੰਨਾ ਕੁਝ ਉਸਾਰਦਾ ਹੈ।
ਇਹ ਤੁਸੀਂ ਨਹੀਂ ਜਾਣ ਸਕਦੇ?
ਕਿਉਂਕਿ ਤੁਸੀਂ ਬੱਚੇ ਨਹੀਂ ਹੋ।

ਧਰਤੀ ਨਾਦ/ 62