ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/55

ਇਹ ਸਫ਼ਾ ਪ੍ਰਮਾਣਿਤ ਹੈ

ਜੜ੍ਹਾਂ

ਧਰਤੀ ਦੀ ਹਿੱਕ ਤੇ ਖਲੋਤੇ ਰੁੱਖ ਨੂੰ ਮੈਂ ਪੁੱਛਿਆ
ਤੇਰੀ ਸ਼ਕਤੀ ਕਿੱਥੇ ਹੈ?
ਉਹ ਬੋਲਿਆ, "ਜੜ੍ਹਾਂ ਵਿਚ"।
ਤੇ ਤੇਰੀ ਕਮਜ਼ੋਰੀ,
ਉਸਨੇ ਕਿਹਾ, "ਟਾਹਣੀਆਂ ਵਿਚ"

ਜਦੋਂ ਟਾਹਣੀਆਂ ਟੁੱਟ ਜਾਂਦੀਆਂ ਨੇ,
ਜਾਂ ਕੋਈ ਛਾਂਗ ਸੁੱਟਦਾ ਹੈ,
ਤਾਂ ਮੈਂ ਬਹੁਤ ਉਦਾਸ ਹੋ ਜਾਂਦਾ ਹਾਂ।

ਇਹ ਤਾਂ ਜੜ੍ਹਾਂ ਹੀ ਨੇ,
ਜਿੰਨ੍ਹਾਂ ਦੇ ਸਹਾਰੇ
ਮੈਂ ਮੁੜ ਫੇਰ ਹਰਿਆ ਭਰਿਆ ਹੋ ਜਾਂਦਾ ਹਾਂ।

ਮੈਨੂੰ ਧਰਤੀ, ਜੜ੍ਹਾਂ ਤੇ ਟਾਹਣੀਆਂ ਦਾ ਰਿਸ਼ਤਾ ਪਛਾਣਦਿਆਂ,
ਰੁੱਖ ਤੇ ਮਨੁੱਖ ਵਿਚਕਾਰ ਬਹੁਤ ਕੁਝ ਉੱਘੜ-ਦੁੱਘੜਾ ਜਾਪਿਆ।
ਆਦਮੀ ਨਾ ਜੜ੍ਹਾਂ ਲੈ ਕੇ ਜਿਉਂਦਾ ਹੈ।
ਸਿਰਫ਼ ਟਾਹਣੀਆਂ ਟੁੱਟਣ 'ਤੇ ਮੁਰਝਾਉਂਦਾ ਹੈ।
ਇਹ ਆਪਣੇ ਆਪ ਤੋਂ ਟੁੱਟ ਕੇ,
ਕਿੰਨਾ ਕੁ ਚਿਰ ਜੀਵੇਗਾ?
ਇਹੀ ਸੋਚ ਕੇ ਮੈਂ ਫ਼ੇਰ ਰੁੱਖ ਕੋਲ ਜਾ ਖਲੋਤਾ।

ਧਰਤੀ ਨਾਦ/ 55