ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/42

ਇਹ ਸਫ਼ਾ ਪ੍ਰਮਾਣਿਤ ਹੈ

ਹੱਡਾ ਰੋੜੀ ਵਿਚੋਂ ਆਈਆਂ ਇੱਲਾਂ ਭਾਵੇਂ ਰੱਜ ਕੇ।
ਇਨ੍ਹਾਂ ਕੋਲੋਂ ਜ਼ਿੰਦਗੀ ਬਚਾਉ ਗੱਜ ਵੱਜ ਕੇ।

ਰੰਗਾਂ ਦੇ ਬਹਾਨੇ ਇਹ ਤਾਂ ਧੜੇ ਕਦੀ ਬਣਾਉਂਦਾ ਹੈ।
ਫੇਰ ਉਨ੍ਹਾਂ ਰੰਗਾਂ ਨੂੰ ਵੀ ਆਪਸੀ ਲੜਾਉਂਦਾ ਹੈ।
ਰਖਵਾਲੀ ਰੰਗਾਂ ਦੀ ਬਹਾਨਾ ਬਣੇ ਜੰਗ ਦਾ।
ਵੱਸਦੇ ਘਰਾਂ ਦੀ ਜਾਨ ਨੇਜ਼ੇ ਉੱਤੇ ਟੰਗਦਾ।

ਸਾਰੇ ਹਥਿਆਰਾਂ ਮੂੰਹੋਂ ਇੱਕੋ ਜੇਹੀ ਅੱਗ ਹੈ।
ਲਾਟਾਂ ਵਾਲਾ ਰੰਗ ਇੱਕੋ ਕੌਣ ਕਹੇ ਅਲੱਗ ਹੈ?
ਜੰਗ ਪਿਛੋਂ ਸੂਹਾ ਖ਼ੂਨ ਇਕੋ ਤਰ੍ਹਾਂ ਵਹਿੰਦਾ ਏ।
ਸੁਣੋ ਜਾਂ ਨਾ ਸੁਣੋ ਸਦਾ ਇੱਕੋ ਗੱਲ ਕਹਿੰਦਾ ਏ।
ਆਪਣੀ ਲੜਾਈ ਕਾਹਨੂੰ ਬਹਿ ਕੇ ਨਹੀਂ ਨਿਬੇੜਦੇ।
ਰਾਜਨੀਤੀ ਵਾਸਤੇ ਕਿਉਂ ਰੰਗਾਂ ਨੂੰ ਲਬੇੜਦੇ।

ਅੱਗ ਤੇ ਅਨਾਰ ਵਿਚ ਕੋਹਾਂ ਲੰਮੀ ਦੂਰੀ ਹੈ।
ਸੁੱਚਮ ਜਿਉਂਦਾ ਰਹੇ ਰੰਗਾਂ ਲਈ ਜ਼ਰੂਰੀ ਹੈ।
ਰੰਗਾਂ 'ਚੋਂ ਪਛਾਣੋ ਕਿਸੇ ਏਹੋ ਜਹੇ ਰੰਗ ਨੂੰ।
ਤਿੜਕੇ ਨਾ ਚੂੜਾ ਪਵੇ ਖ਼ਤਰਾ ਨਾ ਵੰਗ ਨੂੰ।

ਉੱਡਦੇ ਦੁਪੱਟੇ ਸੂਹੇ ਲਹਿਰੀਏ ਤੇ ਡੋਰੀਏ।
ਹਵਾ 'ਚ ਗੜੂੰਦ ਵੇਖੋ ਸਰ੍ਹੋਂ ਫੁੱਲ ਤੋਰੀਏ।
ਇਕ ਦੂਜੇ ਨਾਲ ਖਹਿ ਕੇ ਫੇਰ ਵੀ ਮੁਲਾਇਮ ਨੇ।
ਮੋਰ ਦਿਆਂ ਖੰਭਾਂ ਵਿਚ ਸੱਤੇ ਰੰਗ ਕਾਇਮ ਨੇ।

ਘੁੱਗੀਆਂ ਸਲੇਟੀ ਗਲ ਗੋਲ ਗੋਲ ਗਾਨੀਆਂ।
ਲੱਗਦੈ ਪ੍ਰੇਮੀਆਂ ਨੇ ਦਿੱਤੀਆਂ ਨਿਸ਼ਾਨੀਆਂ।
ਜੀਣ ਰੰਗ, ਰਾਗ ਤੇ ਸੁਹਾਗ ਫੁਲਕਾਰੀਆਂ।
ਰੰਗਾਂ ਦਿਓ ਪਾਹਰੂਓ ਸੰਭਾਲੋ ਜ਼ਿੰਮੇਵਾਰੀਆਂ।

ਧਰਤੀ ਨਾਦ/ 42