ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/35

ਇਹ ਸਫ਼ਾ ਪ੍ਰਮਾਣਿਤ ਹੈ

ਭਟਕਣ ਨਹੀਂ, ਸਫ਼ਰ ਹੈ

ਰਾਹ ਵਿਚ ਪੱਥਰ ਤਾਂ ਬਹੁਤ ਸਨ,
ਪਰ ਮੈਂ ਸਾਰੇ ਹੀ ਉਲੰਘ ਆਇਆ ਹਾਂ।
ਇਹ ਵੀ ਟੁੱਟੇ ਹੋਏ ਹਨ,
ਆਪਣੇ ਅਸਲ ਟਿਕਾਣੇ ਤੋਂ ਮੇਰੇ ਵਾਂਗ।

ਰਸਤੇ ਵਿਚ ਮੈਂ ਰੁੱਖਾਂ ਨੂੰ ਪੁੱਛਿਆ,
ਇਕੋ ਲੱਤ ਦੇ ਭਾਰ ਖੜ੍ਹੇ,
ਤੁਸੀਂ ਥੱਕਦੇ ਕਿਉਂ ਨਹੀਂ?
ਬੋਲੇ!
ਸੱਜਣਾਂ ਨੂੰ ਉਡੀਕਣ ਵਾਲੇ ਕਦੇ ਨਹੀਂ ਥੱਕਦੇ।

ਬਹਾਰ ਆਵੇਗੀ ਨਰਮ ਪੱਤੇ ਲੈ ਕੇ।
ਨਿੱਘ ਨਾਲ ਭਰ ਦੇਣਗੇ,
ਟਾਹਣੀਆਂ ਨੂੰ ਕਲਾਵੇ ਵਿਚ ਲੈ ਕੇ।
ਸਾਨੂੰ ਵਸਤਰ ਮਿਲੇਗਾ।

ਮੈਂ ਹਵਾਵਾਂ ਦੀ ਸਰਸਰਾਹਟ ਨੂੰ ਪੁੱਛਿਆ?
ਕਿੱਥੋਂ ਤੁਰ ਕੇ ਕਿੱਧਰ ਨੂੰ ਚੱਲੀਆਂ ਹੋ?
ਉਹ ਬੋਲੀਆਂ,
ਸਹਿਕਦੀ ਧਰਤੀ ਤੋਂ ਮਹਿਕਦੀ ਵਾਦੀ ਵੱਲ।
ਤੇ ਮਹਿਕਦੀ ਵਾਦੀ ਤੋਂ ਸਹਿਕਦੀ ਧਰਤੀ ਵੱਲ।
ਨਿਰੰਤਰ ਸਫ਼ਰ ਹੈ।

ਅਨੰਤ ਪੈਂਡੇ ਝਾਗਦੀਆਂ ਹਵਾਵਾਂ ਬੋਲੀਆਂ,
ਜਦ ਤੂੰ ਸਾਡੇ ਨਾਲ ਨਾਲ ਤੁਰੇਂਗਾ,
ਆਪੇ ਹੀ ਜਾਣ ਜਾਵੇਂਗਾ।
ਇਹ ਭਟਕਣ ਨਹੀਂ, ਸਫ਼ਰ ਹੈ।

ਧਰਤੀ ਨਾਦ/ 35