ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/12

ਇਹ ਸਫ਼ਾ ਪ੍ਰਮਾਣਿਤ ਹੈ

ਅੱਜ ਦੀ ਰਾਤ ਉਹਦੇ ਸਾਹਾਂ ਵਿਚ,
ਅਚਨਚੇਤ ਕੀਹ ਭਰਦੀ ਜਾਵੇ।
ਗੱਲਾਂ ਕਰਦਿਆਂ ਸਾਹ ਫੁੱਲਦਾ ਹੈ,
ਚੁੱਪ ਕਰਦੀ ਤਾਂ ਨੀਂਦ ਨਾ ਆਵੇ।(ਅੱਜ ਦੀ ਰਾਤ)

ਮਿੱਟੀ ਦੇ ਘਰਾਂ ਤੇ ਕਾਨਿਆਂ ਵਿਚ
ਕਾਗਜ਼ੀ ਲਕੀਰਾਂ ਤੇ ਖਾਨਿਆਂ ਵਿਚ
ਬੱਚਾ ਕਿੰਨਾ ਕੁਝ ਉਸਾਰਦਾ ਹੈ
ਇਹ ਤੁਸੀਂ ਨਹੀਂ ਜਾਣ ਸਕਦੇ
ਕਿਉਂਕਿ ਤੁਸੀਂ ਬੱਚੇ ਨਹੀਂ ਹੋ(ਕਿਉਂਕਿ ਤੁਸੀਂ ਬੱਚੇ ਨਹੀਂ ਹੋ)

ਕਵੀ ਗੁਰਭਜਨ ਗਿੱਲ ਦੀ ਜੀਵਨ ਸਰਗਰਮੀ ਬਹੁ-ਦਿਸ਼ਾਵੀ ਅਤੇ ਬਹੁਪੱਖੀ ਹੈ। ਇਸ ਕਰਕੇ ਉਹਨਾਂ ਦਾ ਕਾਵਿ ਕਿਸੇ ਇਕ ਜਾਂ ਕੁਝ ਇਕ ਸੀਮਤ ਵਿਸ਼ਿਆਂ ਦੀ ਜਕੜ ਵਿਚ ਨਹੀਂ। ਰਸੂਲ ਹਮਜ਼ਾਤੋਵ ਦਾ ਕਹਿਣਾ ਹੈ ਕਿ ਜੇ ਕਵੀ ਕਵਿਤਾ ਲਿਖਣ ਲਈ ਵਿਸ਼ਾ ਪੁੱਛੇ ਤਾਂ ਉਸ ਨੂੰ ਕਹੋ ਕਿ ਉਹ ਅੱਖਾਂ ਖੋਲ੍ਹੇ। ਗੁਰਭਜਨ ਗਿੱਲ ਦੀਆਂ ਕਵਿਤਾਵਾਂ ਵਿਚ ਵਿਸ਼ਿਆਂ ਦੀ ਭਰਪੂਰਤਾ ਅਤੇ ਵੰਨ-ਸੁਵੰਨਤਾ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਉਹ ਡਾਹਢੀਆਂ ਖੁੱਲ੍ਹੀਆਂ ਅੱਖਾਂ ਵਾਲੇ ਕਵੀ ਹਨ।

ਗੁਰਭਜਨ ਕਾਵਿ ਬਾਰੇ ਬਹੁਤ ਕੁਝ ਕਿਹਾ ਜਾ ਸਕਦਾ ਹੈ ਪਰ ਬਹੁਤਾ ਕਹਿਣ ਦੀ ਲੋੜ ਨਹੀਂ। ਕਵਿਤਾ ਆਪ ਹੀ ਸਭ ਕੁਝ ਕਹਿ ਲੈਂਦੀ ਹੈ। ਇਹ ਆਪਣੇ ਪਾਠਕ ਨੂੰ ਸਿੱਧੀ ਜਾ ਮਿਲਣ ਵਾਲੀ ਹੈ। ਵਿਆਖਿਆਕਾਰ ਦੇ ਰੂਪ ਵਿਚ ਕਿਸੇ ਵਿਚੋਲੇ ਦੀ ਲੋੜ ਨਹੀਂ। ਇਹ ਗਿੱਲ ਸਾਹਿਬ ਦੇ ਸੁਭਾਅ ਵਾਂਗ ਖੁੱਲ੍ਹੀ ਖੁਲਾਸੀ ਹੈ, ਕੋਈ ਓਹਲਾ ਨਹੀਂ, ਪਰਦਾ ਨਹੀਂ:

ਏਸ ਤੋਂ ਪਹਿਲਾਂ ਕਿ ਮਘਦੇ ਸ਼ਬਦ
ਹੋ ਜਾਵਣ ਸਵਾਹ
ਜ਼ਿੰਦਗੀ ਤੁਰਦੀ ਨਿਰੰਤਰ ਠਹਿਰ ਜਾਵੇ
ਮੇਰੀ ਮੰਨੋ ਇਕ ਸਲਾਹ
ਸ਼ਬਦ ਨੂੰ ਬੇਪਰਦ ਕਰ ਦੇਵੋ
ਜੇ ਹੁਣ ਚੰਗਾ ਕਰੋ
ਸ਼ਬਦ ਨੂੰ ਨੰਗਾ ਕਰੋ(ਸ਼ਬਦ ਨੂੰ ਨੰਗਾ ਕਰੋ)

ਨੰਗੇ ਸ਼ਬਦਾਂ ਦੀ ਇਸ ਸ਼ਾਇਰੀ ਦੇ ਪ੍ਰਵੇਸ਼ ਦੁਆਰ 'ਤੇ ਆਪ ਦਾ ਸਵਾਗਤ ਹੈ।

ਧਰਤੀ ਨਾਦ/ 12