ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/114

ਇਹ ਸਫ਼ਾ ਪ੍ਰਮਾਣਿਤ ਹੈ

7.

ਵੇਖਾ ਵੇਖੀ ਐਵੇਂ ਨਾ ਭਗਵਾਨ ਬਣ।
ਬਣ ਸਕੇਂ ਤਾਂ ਦੋਸਤਾ ਇਨਸਾਨ ਬਣ।

ਤਿੜਕ ਜਾਵੇਂਗਾ ਰਿਹਾ ਜੇ ਕਹਿਰਵਾਨ,
ਬਣ ਸਕੇਂ ਤਾਂ ਤੋਤਲੀ ਮੁਸਕਾਨ ਬਣ।

ਧਰਤ ਅੰਬਰ ਭਟਕ ਨਾ ਤੂੰ, ਐ ਹਵਾ,
ਬਾਂਸ ਦੀ ਪੋਰੀ 'ਚ ਵੜ ਕੇ ਤਾਨ ਬਣ।

ਵੰਡਦਾ ਫਿਰਦਾ ਏ ਜਿਹੜਾ ਮੌਤ ਨੂੰ,
ਆਖ ਉਸਨੂੰ ਜ਼ਿੰਦਗੀ ਦੀ ਸ਼ਾਨ ਬਣ।

ਜਿਸਮ ਦੀ ਮਿੱਟੀ ਨੂੰ ਫ਼ੋਲਣ ਵਾਲਿਆ,
ਮੇਰੇ ਦਿਲ ਨੂੰ ਜਾਣ ਤੂੰ ਸੁਲਤਾਨ ਬਣ।

ਮੰਦਰੀਂ ਫੁੱਲਾਂ ਨੂੰ ਅਰਪਣ ਵਾਲਿਆ,
ਦੇਵਤਾ ਪੱਥਰ ਹੈ ਇਸਦੀ ਜਾਨ ਬਣ।

ਹਰ ਮੁਸੀਬਤ ਆਏ ਪਰਖ਼ਣ ਵਾਸਤੇ,
ਮੁਸ਼ਕਿਲਾਂ ਨੂੰ ਵੇਖ ਕੇ ਬਲਵਾਨ ਬਣ।

ਧਰਤੀ ਨਾਦ/ 113