ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/112

ਇਹ ਸਫ਼ਾ ਪ੍ਰਮਾਣਿਤ ਹੈ

5.

ਇਹ ਜੋ ਦਿਸਦੈ ਚਿਹਰਾ ਇਹ ਵੀ ਮੇਰਾ ਨਹੀਂ।
ਸੂਰਜ ਦੀ ਪਿੱਠ ਪਿਛਲਾ ਨੇਰ੍ਹਾ ਮੇਰਾ ਨਹੀਂ।

ਮੈਂ ਜੋ ਏਥੇ ਆਇਆਂ ਪੈੜਾਂ ਪਾਵਾਂਗਾ,
ਮੇਰਾ ਏਥੇ ਜੋਗੀ ਵਾਲਾ ਫੇਰਾ ਨਹੀਂ।

ਸਾਹਾਂ ਦੀ ਸਰਗਮ 'ਚੋਂ ਤੇਰੀ 'ਵਾਜ਼ ਸੁਣੇ,
ਧੜਕ ਰਿਹਾ ਦਿਲ ਮੇਰਾ, ਇਹ ਵੀ ਮੇਰਾ ਨਹੀਂ।

ਬਿੰਦੂ ਵਾਂਗੂੰ ਮੈਂ ਤਾਂ ਸਿਰਫ਼ ਨਿਸ਼ਾਨੀ ਹਾਂ,
ਮੇਰੇ ਆਲ ਦੁਆਲੇ ਘੇਰਾ ਮੇਰਾ ਨਹੀਂ।

ਤਲਖ਼ ਸਮੁੰਦਰ, ਧਰਤੀ, ਅੰਬਰ, ਚਾਰ ਚੁਫ਼ੇਰ,
ਇਨ੍ਹਾਂ ਵਿਚੋਂ ਇਕ ਵੀ ਅੱਥਰੂ ਮੇਰਾ ਨਹੀਂ।

ਮੈਂ ਤਾਂ ਬਾਲ ਚਿਰਾਗ਼ ਧਰਾਂ ਦਰਵਾਜ਼ੇ ਤੇ,
ਕਮਰੇ ਵਿਚਲਾ ਨੇਰ੍ਹਾ, ਇਹ ਵੀ ਮੇਰਾ ਨਹੀਂ।

ਪੈਰੀਂ ਝਾਂਜਰ ਛਣਕ ਛਣਕ ਕੇ ਆਖ ਰਹੀ,
ਸੁਰ ਤੇ ਤਾਲ ਬੇਗਾਨਾ ਕੁਝ ਵੀ ਮੇਰਾ ਨਹੀਂ।

ਆਦਰ, ਮਾਣ, ਮਰਤਬੇ, ਕੁਰਸੀ, ਲੱਕੜੀਆਂ,
ਜੋ ਕੁਝ ਸਮਝੋ ਮੇਰਾ, ਇਹ ਵੀ ਮੇਰਾ ਨਹੀਂ।

ਧਰਤੀ ਨਾਦ/ 111