ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/105

ਇਹ ਸਫ਼ਾ ਪ੍ਰਮਾਣਿਤ ਹੈ

ਵੇਖੋ! ਰੱਬ ਦਾ ਕੇਡ ਆਡੰਬਰ।
ਹੇਠਾਂ ਧਰਤੀ ਉੱਤੇ ਅੰਬਰ।
ਪਾਣੀ ਪੌਣ ਬਨਸਪਤ ਜਾਂਝੀ,
ਹੋਈ ਜਾਵੇ ਰੋਜ਼ ਸਵੰਬਰ।

ਵੇਖੋ ਗਿਆਨ ਦੀ ਆਈ ਸ਼ਾਮਤ।
ਡੱਬਿਆਂ ਅੰਦਰ ਬੰਦ ਕਿਆਮਤ।
ਬਟਨ ਦਬਾਓ ਦੁਨੀਆਂ ਵੇਖੋ,
ਕਿੱਦਾਂ ਰਹੂ ਕਿਤਾਬ ਸਲਾਮਤ।

ਜੀਵਨ ਰਾਹ 'ਤੇ ਤੁਰਦੇ ਤੁਰਦੇ, ਪਹੁੰਚੇ ਐਸੀ ਥਾਂ।
ਸਾਰੀ ਧਰਤੀ ਬਣੀ ਓਪਰੀ, ਬਦਲੇ ਸ਼ਹਿਰ ਗਿਰਾਂ।
ਸ਼ੁਕਰ ਖ਼ੁਦਾ ਦਾ ਅਜੇ ਸਲਾਮਤ, ਕੁਝ ਬੂਟੇ ਹਰਿਆਲੇ,
ਜਿੰਨ੍ਹਾਂ ਮੇਰੇ ਸਿਰ 'ਤੇ ਰੱਖੀ, ਸਦਾ ਸਬੂਤੀ ਛਾਂ।

ਹਨ੍ਹੇਰਾ ਦੂਰ ਕਰਦੇ, ਦੀਵਿਆਂ ਨੂੰ ਮਾਰ ਹੱਲਾ।
ਬੁਝਾਉਣਾ ਚਾਹੁਣਗੇ ਨੇਰ੍ਹੇ, ਹਵਾ ਦਾ ਮਾਰ ਪੱਲਾ।
ਮੈਂ ਤੇਰੇ ਨਾਲ ਹਾਂ, ਹੱਥਾਂ 'ਚ ਲਾਟ ਸਾਂਭਾਂਗਾ,
ਤੂੰ ਵੇਖੀਂ ਡੋਲ ਨਾ ਜਾਵੀਂ, ਸਮਝ ਕੇ ਖ਼ੁਦ ਨੂੰ 'ਕੱਲ੍ਹਾ।

ਧਰਤੀ ਨਾਦ/ 105